For the best experience, open
https://m.punjabitribuneonline.com
on your mobile browser.
Advertisement

ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਰੋਸ ਮੁਜ਼ਾਹਰੇ ਦਾ ਐਲਾਨ

06:53 AM Jun 04, 2024 IST
ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਰੋਸ ਮੁਜ਼ਾਹਰੇ ਦਾ ਐਲਾਨ
ਏਡੀਸੀ ਮੇਜਰ ਅਮਿਤ ਸਰੀਨ ਨੂੰ ਮੰਗ ਪੱਤਰ ਦਿੰਦੇ ਹੋਏ ਪਿੰਡ ਵਾਸੀ। -ਫੋਟੋ: ਇੰਦਰਜੀਤ ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੂਨ
ਜ਼ਿਲ੍ਹੇ ਦੇ ਪਿੰਡ ਭੂੰਦੜੀ, ਅਖਾੜਾ, ਘੁੰਗਰਾਲੀ ਰਾਜਪੂਤਾਂ ਅਤੇ ਮੁਸ਼ਕਾਬਾਦ ਵਿੱਚ ਉਸਾਰੀ ਅਧੀਨ ਬਾਇਓ/ਸੀਐੱਨਜੀ ਗੈਸ ਫੈਕਟਰੀਆਂ ਵਿਰੁੱਧ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਪ੍ਰਤੀਨਿਧਾਂ ਵੱਲੋਂ ਤਾਲਮੇਲ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਅੱਜ ਪੰਜਾਬੀ ਭਵਨ ਵਿਖੇ ਪਿੰਡ ਭੂੰਦੜੀ, ਅਖਾੜਾ, ਘੁੰਗਰਾਲੀ ਰਾਜਪੂਤਾਂ ਅਤੇ ਮੁਸ਼ਕਾਬਾਦ ਪਿੰਡਾਂ ਵਿਖੇ ਜਾਰੀ ਪੱਕੇ ਮੋਰਚਿਆਂ ਦੇ ਪ੍ਰਬੰਧਕਾਂ ਦੀ ਮੀਟਿੰਗ ਕੀਤੀ ਗਈ। ਇਸ ਵਿੱਚ ਸਰਬਸੰਮਤੀ ਨਾਲ ਪ੍ਰਦੂਸ਼ਿਤ ਗੈਸ ਫ਼ੈਕਟਰੀਆਂ ਖ਼ਿਲਾਫ਼ 11 ਜੂਨ ਨੂੰ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ। ਤਾਲਮੇਲ ਸੰਘਰਸ਼ ਕਮੇਟੀ ਦੇ ਕੋਆਡੀਨੇਟਰ ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਵਿੱਚ ਸਬੰਧਤ ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਜਨਤਕ ਜੱਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਸਬੰਧੀ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਏਡੀਸੀ ਮੇਜਰ ਅਮਿਤ ਸਰੀਨ ਨਾਲ ਵੀ ਮੀਟਿੰਗ ਕਰਕੇ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਗੈਸ ਫੈਕਟਰੀਆਂ ਕਾਰਨ ਲੋਕਾਂ ਦੇ ਜਾਨ-ਮਾਲ ਦਾ ਵੱਡੇ ਪੱਧਰ ਉੱਤੇ ਖਤਰਾ ਖੜ੍ਹਾ ਹੋ ਗਿਆ ਹੈ। ਇਸ ਨਾਲ ਇਲਾਕੇ ਵਿੱਚ ਬਦਬੂ, ਪ੍ਰਦੂਸ਼ਣ ਅਤੇ ਕਈ ਜਾਨਲੇਵਾ ਬਿਮਾਰੀਆਂ ਵੀ ਫੈਲਣਗੀਆਂ ਕਿਉਂਕਿ ਇਹ ਫੈਕਟਰੀਆਂ ਅਬਾਦੀ ਦੇ ਬਿਲਕੁਲ ਨੇੜੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਘੁੰਗਰਾਲੀ ਰਾਜਪੂਤਾਂ (ਨੇੜੇ ਖੰਨਾ) ਵਿਖੇ ਜਾਰੀ ਫੈਕਟਰੀ ਨੇ ਇਲਾਕੇ ਵਿੱਚ ਜੋ ਕਹਿਰ ਮਚਾਇਆ ਹੈ ਉਹ ਸਭ ਦੇ ਸਾਹਮਣੇ ਹੈ। ਇਸਦੇ ਬਾਵਜੂਦ ਨਾ ਇਹ ਫੈਕਟਰੀ ਬੰਦ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਹੋਰ ਉਸਾਰੀ ਅਧੀਨ ਫੈਕਟਰੀਆਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਇਸਦੇ ਰੋਸ ਵਜੋਂ ਲੋਕਾਂ ਨੇ ਪੱਕੇ ਮੋਰਚੇ ਲਗਾਏ ਹੋਏ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਏਡੀਸੀ ਮੇਜਰ ਅਮਿਤ ਸਰੀਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਘੁੰਗਰਾਲ਼ੀ ਰਾਜਪੂਤਾਂ ਫੈਕਟਰੀ ਦਾ ਦੌਰਾ ਕਰਨਗੇ ਅਤੇ ਮਸਲੇ ਨੂੰ ਹੱਲ ਕਰਨਗੇ। ਮੀਟਿੰਗ ਵਿੱਚ ਪਿੰਡ ਭੂੰਦੜੀ ਤੋਂ ਅਮਰੀਕ ਸਿੰਘ, ਸਤਵੰਤ ਸਿੰਘ, ਭਿੰਦਰ ਸਿੰਘ ਭਿੰਦੀ, ਜਗਤਾਰ ਸਿੰਘ, ਸੁਰਜੀਤ ਸਿੰਘ, ਪਿੰਡ ਅਖਾੜਾ ਤੋਂ ਕੰਵਲਜੀਤ ਖੰਨਾ, ਇੰਦਰਜੀਤ ਸਿੰਘ, ਗੁਰਤੇਜ ਸਿੰਘ, ਤਾਰਾ ਸਿੰਘ, ਪਿੰਡ ਘੁੰਗਰਾਲੀ ਰਾਜਪੂਤਾਂ ਤੋਂ ਕਰਮਜੀਤ ਸਿੰਘ ਸਹੋਤਾ, ਅਮਨਦੀਪ ਸਿੰਘ, ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਪਿੰਡ ਮੁਸ਼ਕਾਬਾਦ ਤੋਂ ਮਾਲਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲ਼ਾ, ਨਿਰਮਲ ਸਿੰਘ, ਜਸਦੀਪ ਸੋਨੂੰ, ਪਿੰਡ ਪਾਇਲ ਤੋਂ ਤੇਜਪਾਲ ਸਿੰਘ ਅਤੇ ਨਵਪ੍ਰੀਤ ਸਿੰਘ ਸ਼ਾਮਲ ਹੋਏ।

Advertisement

Advertisement
Advertisement
Author Image

Advertisement