ਇੰਡਸਟਰੀ ਦੇ ਕੁਨੈਕਸ਼ਨ ਰੋਕਣ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਗਸਤ
ਸਮਾਲ ਸਕੇਲ ਮੈਨੂੰਫੈਕਚਰਰਜ਼ ਐਸੋਸੀਏਸ਼ਨ ਨੇ ਪਾਵਰਕੌਮ ਵੱਲੋਂ ਇੰਡਸਟਰੀ ਦੇ ਕੁਨੈਕਸ਼ਨ ਰੋਕਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ 28 ਅਗਸਤ ਦੁਪਹਿਰ 12 ਵਜੇ ਅਸਟੇਟ ਡਿਵੀਜ਼ਨ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਪਾਵਰਕੌਮ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇਗਾ। ਇਹ ਫ਼ੈਸਲਾ ਅੱਜ ਇੱਥੇ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਵਿੱਚ ਕੀਤਾ ਗਿਆ ਜਿਸਦੀ ਪ੍ਰਧਾਨਗੀ ਜਸਵਿੰਦਰ ਸਿੰਘ ਠੁਕਰਾਲ ਪ੍ਰਧਾਨ ਨੇ ਕੀਤੀ। ਇਸ ਸਬੰਧੀ ਪ੍ਰਧਾਨ ਠੁਕਰਾਲ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਟਰਾਂਸਫਾਰਮਰਾਂ ਦੀ ਘਾਟ ਦੀ ਆੜ ਹੇਠ ਇੰਡਸਟਰੀ ਦੇ ਕੁਨੈਕਸ਼ਨ ਰੋਕੇ ਗਏ ਹਨ ਜਿਸ ਨਾਲ ਇੰਡਸਟਰੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਸ੍ਰੀ ਠੁਕਰਾਲ ਨੇ ਦੱਸਿਆ ਕਿ ਕਰਜ਼ੇ ’ਤੇ ਮਸ਼ੀਨਾਂ ਲੈ ਕੇ ਕੰਮ ਸ਼ੁਰੂ ਕਰਨ ਨਾਲ ਕਾਰੋਬਾਰੀ ਭਾਰੀ ਆਰਥਿਕ ਤੰਗੀ ਵਿੱਚ ਆ ਗਏ ਹਨ, ਕਿਉਂਕਿ ਮਸ਼ੀਨਾਂ ’ਤੇ ਵਿਆਜ ਪੈਣਾ ਸ਼ੁਰੂ ਹੋ ਗਿਆ ਹੈ ਪ੍ਰੰਤੂ ਕੁਨੈਕਸ਼ਨ ਨਾ ਮਿਲਣ ਕਾਰਨ ਉਤਪਾਦਨ ਸ਼ੁਰੂ ਨਹੀਂ ਹੋਇਆ ਜਿਸ ਕਾਰਨ ਕਾਰੋਬਾਰੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਹ ਰੁਕੇ ਕੁਨੈਕਸ਼ਨ ਜਾਰੀ ਕਰਵਾਉਣ ਲਈ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਸਮੁੱਚੀ ਇੰਡਸਟਰੀ ਦੇ ਪ੍ਰਤੀਨਿਧਾਂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਸਮੇਂ ਇੰਦਰਜੀਤ ਸਿੰਘ, ਸ਼ਵਿੰਦਰ ਸਿੰਘ ਹੁੰਝਣ, ਸੁਮੇਸ਼ ਕੋਛੜ, ਹਰਜੀਤ ਸਿੰਘ ਪਨੇਸਰ, ਸੁਰਿੰਦਰ ਸਿੰਘ ਠੁਕਰਾਲ, ਪਵਨ ਕੁਮਾਰ ਢੰਡ, ਅਜਮੇਰ ਸਿੰਘ ਗਰੇਵਾਲ, ਅਸ਼ੋਕ ਪੱਬੀ, ਰਵਿੰਦਰ ਸਿੰਘ ਪਨੇਸਰ, ਵਿੱਕੀ ਦੁਰਗਾ, ਅਜਮੇਰ ਸਿੰਘ ਮਠਾੜੂ, ਸਵਰਨ ਸਿੰਘ ਮੱਕੜ ਅਤੇ ਕੁਲਦੀਪ ਸਿੰਘ ਸੰਧੂ ਹਾਜ਼ਰ ਸਨ।