ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਵੱਲੋਂ ਝੋਨਾ ਨਾ ਖ਼ਰੀਦਣ ਦਾ ਐਲਾਨ
ਪੱਤਰ ਪ੍ਰੇਰਕ
ਮਾਛੀਵਾੜਾ, 26 ਸਤੰਬਰ
ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ ਮਾਛੀਵਾੜਾ ਦੀ ਇੱਕ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸੂਬਾ ਪੱਧਰੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਮਾਛੀਵਾੜਾ ਸਾਹਿਬ ਦੇ ਆੜ੍ਹਤੀਆਂ ਵੱਲੋਂ ਵੀ ਝੋਨੇ ਦੀ ਫ਼ਸਲ ਅਣਮਿੱਥੇ ਸਮੇਂ ਲਈ ਨਾ ਖਰੀਦਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਵੀ ਮੰਡੀਆਂ ’ਚ ਸਰਕਾਰ ਏਜੰਸੀਆਂ ਵੱਲੋਂ ਖਰੀਦਿਆ ਝੋਨਾ ਚੁੱਕਣ ਲਈ ਤਿਆਰ ਨਹੀਂ ਹਨ ਜੋ ਵੱਡੀ ਸਮੱਸਿਆ ਹੈ, ਇਸ ਲਈ ਪਹਿਲਾਂ ਪ੍ਰਸਾਸ਼ਨ ਆੜ੍ਹਤੀਆਂ ਦੀਆਂ ਮੰਗਾਂ ਅਤੇ ਝੋਨਾ ਚੁੱਕਣ ਦੇ ਪੁਖ਼ਤਾ ਪ੍ਰਬੰਧ ਕਰੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਜੇ ਮੰਡੀਆਂ ’ਚ ਝੋਨਾ ਨਾ ਲਿਆਉਣ ਕਿਉਂਕਿ ਇੱਥੇ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਹਰਜਿੰਦਰ ਸਿੰਘ ਖੇੜਾ, ਤੇਜਿੰਦਰ ਸਿੰਘ ਕੂੰਨਰ (ਦੋਵੇਂ ਸਾਬਕਾ ਪ੍ਰਧਾਨ), ਗੁਰਨਾਮ ਸਿੰਘ ਨਾਗਰਾ, ਹੁਸਨ ਲਾਲ ਮੜਕਨ, ਅਸ਼ੋਕ ਸੂਦ, ਪ੍ਰਦੀਪ ਮਲਹੋਤਰਾ, ਨਿਤਿਨ ਜੈਨ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਟਹਿਲ ਸਿੰਘ ਔਜਲਾ, ਅਮਰੀਕ ਸਿੰਘ ਔਜਲਾ, ਜਤਿਨ ਚੌਰਾਇਆ ਤੇ ਅਮਿਤ ਭਾਟੀਆ ਵੀ ਮੌਜੂਦ ਸਨ।