ਆੜ੍ਹਤੀਆਂ ਵੱਲੋਂ ਝੋਨਾ ਨਾ ਖਰੀਦਣ ਦਾ ਐਲਾਨ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 29 ਸਤੰਬਰ
ਕੱਚਾ ਆੜ੍ਹਤੀਆ ਅੋਸੋਸੀਏਸ਼ਨ ਸ਼ਾਹਕੋਟ ਨੇ ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋ ਰਹੀ ਸਰਕਾਰੀ ਖਰੀਦ ਨਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਪਿਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੜਤਾਲ ਓਨਾ ਚਿਰ ਜਾਰੀ ਰਹੇਗੀ, ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਕਾਨੂੰਨ ਮੁਤਾਬਕ ਆੜ੍ਹਤੀਆਂ ਨੂੰ 2.50 ਫੀਸਦ ਕਮਿਸ਼ਨ ਦਿੱਤਾ ਜਾਵੇ, ਆੜ੍ਹਤੀਆਂ ਦਾ ਕੱਟਿਆ ਕਰੀਬ 50 ਕਰੋੜ ਦਾ ਈਪੀਐੱਫ ਵਾਪਸ ਕੀਤਾ ਜਾਵੇ ਅਤੇ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਮੋਗਾ ਦੇ ਪਿੰਡ ਡੱਗਰੂ ਵਿੱਚ ਅਡਾਨੀ ਦੇ ਸੈਲੋ ਗੋਦਾਮ ਵਿਚ ਪਹੁੰਚਾਏ ਮਾਲ ਦੀ ਬਕਾਇਆ ਦਾਮੀ ਦਿੱਤੀ ਜਾਵੇ। ਮੀਟਿੰਗ ਵਿਚ ਅਨਿਲ ਗੁਪਤਾ, ਸੰਜੈ ਗੁਪਤਾ, ਵਿਕਾਸ ਗੋਇਲ, ਮਨਜੀਤ ਸਿੰਘ, ਪਵਨ ਮਿੱਤਲ, ਸੰਜੀਵ ਕੁਮਾਰ ਗੁਪਤਾ, ਗੁਰਨਾਮ ਸਿੰਘ ਚੱਠਾ, ਜਤਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ।
ਸਰਕਾਰ ’ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਨਾ ਸੁਣਨ ਦਾ ਦੋਸ਼
ਜਲੰਧਰ (ਪੱਤਰ ਪ੍ਰੇਰਕ): ਫੈਂਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਬਲਾਕ ਆਦਮਪੁਰ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਨਿੱਝਰ ਤੇ ਜ਼ਿਲ੍ਹਾ ਉੱਪ ਪ੍ਰਧਾਨ ਰਮਨ ਪੁਰੰਗ ਬੋਬੀ ਦੀ ਦੇਖਰੇਖ ਹੇਠ ਆਦਮਪੁਰ ਦਾਣਾ ਮੰਡੀ ਵਿੱਚ ਹੋਈ। ਇਸ ਵਿੱਚ ਮੁੱਖ ਮਹਿਮਾਨ ਵਜੋਂ ਫੈਂਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲੜਾ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਨਿੱਝਰ ਤੇ ਜ਼ਿਲ੍ਹਾ ਉੱਪ ਪ੍ਰਧਾਨ ਰਮਨ ਪੁਰੰਗ ਬੋਬੀ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਉਹ ਹਰ ਵਾਰ ਕੇਂਦਰ ਤੇ ਪੰਜਾਬ ਸਰਕਾਰ ਦੇ ਧਿਆਨ ’ਚ ਆਪਣੀਆਂ ਸਮੱਸਿਆਵਾਂ ਲਿਆਉਂਦੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੁੰਦੀ। ਇਸੇ ਕਰਕੇ ਉਨ੍ਹਾਂ 1 ਅਕਤੂਬਰ ਤੋਂ ਪੰਜਾਬ ਦੀਆਂ ਸਮੂਹ ਮੰਡੀਆਂ ’ਚ ਝੋਨੇ ਦੀ ਖਰੀਦ ਦਾ ਪੂਰਨ ਤੌਰ ’ਤੇ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।