ਨਿਰੋਲ ਸੇਵਾ ਸੰਸਥਾ ਵੱਲੋਂ ਨਗਰ ਕੀਰਤਨ ਦਾ ਐਲਾਨ
ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀ ਮੁਕਤਸਰ ਸਾਹਿਬ, 19 ਫਰਵਰੀ
ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਛਤਿਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ। ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਵੱਡੇ ਮਾਡਲ ਟਰੱਕਾਂ ’ਤੇ ਸੁਸ਼ੋਭਿਤ ਕੀਤੇ ਜਾਣਗੇ। ਨਗਰ ਕੀਰਤਨ ਦੌਰਾਨ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ, ਫੌਜੀ ਬੈਂਡ ਦੀਆਂ ਸੁੰਦਰ ਧੁਨਾਂ ਲਈ ਵਿਸ਼ੇਸ਼ ਫੌਜੀ ਬੈਂਡ ਪਹੁੰਚਣਗੇ। ਇਸ ਨਗਰ ਕੀਰਤਨ ਦੌਰਾਨ ਦਲ ਬਾਬਾ ਬਿਧੀ ਚੰਦ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਹਾਥੀ, ਘੋੜਿਆਂ ਨਾਲ ਪਹੁੰਚਣਗੇ। ਨਗਰ ਕੀਰਤਨ ਦੌਰਾਨ ਇੰਟਰਨੈਸ਼ਨਲ ਫਤਹਿ ਗਰੁੱਪ ਦੇ ਨੌਜਵਾਨ ਗੱਤਕੇ ਦੇ ਜੌਹਰ ਵਿਖਾਉਣਗੇ। ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਚੜ੍ਹਦੇ ਪੰਜਾਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਲਹਿੰਦੇ ਪੰਜਾਬ ਪਹੁੰਚ ਕੇ ਸੰਪੂਰਨ ਹੋਵੇਗਾ। ਇਹ ਨਗਰ ਕੀਰਤਨ ਪਹਿਲੀ ਮਾਰਚ ਨੂੰ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋਵੇਗਾ ਤੇ 2 ਮਾਰਚ ਨੂੰ ਗੁਰਦੁਆਰਾ ਜਾਮਣੀ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰਾਤ ਦਾ ਵਿਸ਼ਰਾਮ ਕਰੇਗਾ। 6 ਮਾਰਚ ਨੂੰ ਨਗਰ ਕੀਰਤਨ ਡੇਰਾ ਬਾਬਾ ਨਾਨਕ ਤੋਂ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ (ਪਾਕਿਸਤਾਨ) ਪਹੁੰਚੇਗਾ।