ਪਾਵਰਕੌਮ ਮੁਲਾਜ਼ਮਾਂ ਵੱਲੋਂ ਮੰਗਾਂ ਲਈ ਸਮੂਹਿਕ ਛੁੱਟੀ ਦਾ ਐਲਾਨ
ਪੱਤਰ ਪ੍ਰੇਰਕ,
ਮੁਕੇਰੀਆਂ, 5 ਸਤੰਬਰ
ਪਾਵਰਕੌਮ ਅੰਦਰ ਕੰਮ ਕਰਦੀ ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ) ਨੇ ਪੀਐੱਸਈਬੀ ਐਂਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਦੇ ਸੱਦੇ ’ਤੇ 10, 11, 12 ਸਤੰਬਰ ਨੂੰ ਸਮੂਹਿਕ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫੈਸਲਾ ਉੱਪ ਮੰਡਲ ਦਾਤਾਰਪੁਰ ਵਿੱਚ ਜਥੇਬੰਦੀ ਦੇ ਉੱਪ ਮੰਡਲ ਪ੍ਰਧਾਨ ਲਾਲ ਚੰਦ (ਜੇਈ) ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਵਿੱਚ ਕੀਤਾ ਗਿਆ। ਇਸ ਸਬੰਧੀ ਮੁਲਾਜ਼ਮਾਂ ਨੇ ਉੱਪ ਮੰਡਲ ਅਧਿਕਾਰੀ ਨੂੰ ਲਿਖਤੀ ਛੁੱਟੀ ਬਾਰੇ ਜਾਣੂ ਕਰਵਾ ਦਿੱਤਾ ਹੈ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਬਿਜਲੀ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਵੱਲ ਤਵੱਜੋਂ ਨਹੀਂ ਦੇ ਰਹੀ। ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ। ‘ਆਪ’ ਵਲੋਂ ਆਪਣੀ ਪਾਰਟੀ ਦੀ ਸਰਕਾਰ ਆਉਣ ’ਤੇ ਮੰਗਾਂ ਲਈ ਕਿਸੇ ਨੂੰ ਵੀ ਧਰਨਾ ਲਗਾਉਣ ਦੀ ਜ਼ਰੂਰਤ ਨਾ ਪੈਣ ਦੇਣ ਦੇ ਵਾਅਦੇ ਦੇ ਉਲਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸੀਆਰਏ 295/19 ਅਧੀਨ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ ਲੈਣ ਦੇ ਬਾਵਜੂਦ ਅਦਾਲਤੀ ਕਾਰਵਾਈ ਦਾ ਬਹਾਨਾ ਲਗਾ ਕੇ ਬਣਦੀ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਮੁਲਾਜ਼ਮਾਂ ਨੂੰ ਮਾਮੂਲੀ 10-12 ਹਜ਼ਾਰ ਦੀ ਤਨਖਾਹ ’ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮ ਮਸਲਿਆਂ ਦੇ ਹੱਲ ਲਈ ਬਿਜਲੀ ਮੰਤਰੀ ਵਲੋਂ ਰੱਖੀ ਭਲਕ ਦੀ ਮੀਟਿੰਗ ਵਿੱਚ ਤੁਰੰਤ ਹੱਲ ਕੀਤਾ ਜਾਵੇ, ਸੀਆਰਏ 295/19 ਅਧੀਨ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ ਚੁੱਕੇ ਮੁਲਾਜ਼ਮਾਂ ਬਾਰੇ ਅਦਾਲਤ ਵਿੱਚ ਵਿਭਾਗ ਦਾ ਪੱਖ ਸਪੱਸ਼ਟ ਤਰੀਕੇ ਨਾਲ ਪੇਸ਼ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਦਾ ਮਸਲਾ ਹੱਲ ਕਰਨ ਸਮੇਤ ਹੋਰ ਮੰਗਾਂ ਮੰਨੀਆਂ ਜਾਣ। ਇਸ ਮੌਕੇ ਜੂਨੀਅਰ ਇੰਜੀਨੀਅਰ ਕਮਲ ਕਿਸ਼ੋਰ, ਦਿਨੇਸ਼ ਕੁਮਾਰ, ਪਵਨ ਕੁਮਾਰ, ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ।