ਖੇਤੀਬਾੜੀ ਲਈ ਪੂਰੀ ਬਿਜਲੀ ਨਾ ਛੱਡਣ ’ਤੇ ਚੱਕਾ ਜਾਮ ਕਰਨ ਦਾ ਐਲਾਨ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 9 ਜੂਨ
ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਸਵਾੜਾ ਫ਼ੀਡਰ ਤੋਂ ਖੇਤੀਬਾੜੀ ਲਈ ਛੱਡੀ ਜਾਂਦੀ ਪਾਵਰ ਸਪਲਾਈ ਨੂੰ ਤੁਰੰਤ ਨਿਰੰਤਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਜਿਹਾ ਨਾ ਹੋਇਆ ਤਾਂ ਕਾਂਗਰਸ ਪਾਰਟੀ ਕਿਸਾਨਾਂ ਨੂੰ ਨਾਲ ਲੈ ਕੇ ਲਾਂਡਰਾਂ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਵਾੜਾ ਫੀਡਰ ਤੋਂ ਪਿੰਡ ਸਵਾੜਾ, ਸੈਦਪੁਰ, ਮੌਜਪੁਰ, ਰਾਏਪੁਰ, ਭਾਗੋਮਾਜਰਾ, ਬੈਰੋਂਪੁਰ, ਮਾਣਕਮਾਜਰਾ, ਲਖਨੌਰ ਅਤੇ ਲਾਂਡਰਾਂ ਤੋਂ ਇਲਾਵਾ ਕਈ ਪਿੰਡਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਤੋਂ ਬਿਜਲੀ ਦੀ ਸਪਲਾਈ ਨਾਮਾਤਰ ਛੱਡੀ ਜਾ ਰਹੀ ਹੈ। ਇਸ ਕਾਰਨ ਕਿਸਾਨਾਂ ਦਾ ਹਰਾ ਚਾਰਾ, ਝੋਨੇ ਦੀ ਪਨੀਰੀ ਅਤੇ ਸਬਜ਼ੀਆਂ ਦੀਆਂ ਵੇਲਾਂ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਬਚਾਉਣ ਲਈ ਖੁਦ ਖਰਚਾ ਕਰਕੇ ਜੈਨਰੇਟਰ ਚਲਾਉਣੇ ਪੈ ਰਹੇ ਹਨ। ਉਨ੍ਹਾਂ ਖੇਤਰ ਵਿੱਚ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ।