ਖੇਡ ਬਜਟ ’ਚ 350 ਕਰੋੜ ਰੁਪਏ ਦੇ ਵਾਧੇ ਦਾ ਐਲਾਨ
ਨਵੀਂ ਦਿੱਲੀ, 1 ਫਰਵਰੀ
ਜ਼ਮੀਨੀ ਪੱਧਰ ’ਤੇ ਹੁਨਰਮੰਦ ਖਿਡਾਰੀਆਂ ਦੀ ਖੋਜ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪ੍ਰਮੁੱਖ ਯੋਜਨਾ ‘ਖੇਲੋ ਇੰਡੀਆ’ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਇੱਥੇ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸਭ ਤੋਂ ਵੱਡਾ ਹੁਲਾਰਾ ਮਿਲਿਆ ਹੈ। ਖੇਡਾਂ ਲਈ 351.98 ਕਰੋੜ ਰੁਪਏ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਸਭ ਤੋਂ ਵੱਡਾ ਹਿੱਸਾ ‘ਖੇਲੋ ਇੰਡੀਆ’ ਪ੍ਰੋਗਰਾਮ ਨੂੰ ਜਾਵੇਗਾ। ਇਸ ਯੋਜਨਾ ਨੂੰ ਵਿੱਤੀ ਸਾਲ 2025-26 ਲਈ 1,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ 2024-25 ਲਈ 800 ਕਰੋੜ ਰੁਪਏ ਦੀ ਗ੍ਰਾਂਟ ਨਾਲੋਂ 200 ਕਰੋੜ ਰੁਪਏ ਵੱਧ ਹੈ। ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੂੰ ਕੁੱਲ ਮਿਲਾ ਕੇ 3,794.30 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਇਹ ਰਕਮ ਪਿਛਲੇ ਸਾਲ ਨਾਲੋਂ 351.98 ਕਰੋੜ ਰੁਪਏ ਵੱਧ ਹੈ। ਕੌਮੀ ਖੇਡ ਫੈਡਰੇਸ਼ਨਾਂ ਦੀ ਸਹਾਇਤਾ ਲਈ ਰੱਖੀ ਗਈ ਰਕਮ ਨੂੰ ਵੀ 340 ਕਰੋੜ ਰੁਪਏ ਤੋਂ ਵਧਾ ਕੇ 400 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਭਾਰਤ ਇਸ ਵੇਲੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਦੀ ਤਿਆਰੀ ਕਰ ਰਿਹਾ ਹੈ। ਸਰਕਾਰ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੀ ਜਾਣ ਵਾਲੀ ਗ੍ਰਾਂਟ 42.65 ਕਰੋੜ ਰੁਪਏ ਤੋਂ ਘਟਾ ਕੇ 37 ਕਰੋੜ ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ
ਸਾਈ ਲਈ 15 ਕਰੋੜ ਰੁਪਏ ਵਧਾਏ
ਕੌਮੀ ਕੈਂਪ ਚਲਾਉਣ ਅਤੇ ਖਿਡਾਰੀਆਂ ਦੀ ਸਿਖਲਾਈ ਲਈ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਵਾਸਤੇ ਨੋਡਲ ਸੰਸਥਾ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਲਈ ਅਲਾਟਮੈਂਟ 815 ਕਰੋੜ ਰੁਪਏ ਤੋਂ ਵਧਾ ਕੇ 830 ਕਰੋੜ ਰੁਪਏ ਕਰ ਦਿੱਤੀ ਗਈ ਹੈ। ਸਾਈ ਦੇਸ਼ ਭਰ ਦੇ ਸਟੇਡੀਅਮਾਂ ਦੀ ਦੇਖਭਾਲ ਅਤੇ ਵਰਤੋਂ ਲਈ ਵੀ ਜ਼ਿੰਮੇਵਾਰ ਹੈ। ਕੌਮੀ ਡੋਪ ਟੈਸਟਿੰਗ ਲੈਬ ਲਈ ਵੀ ਇਸੇ ਤਰ੍ਹਾਂ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਉਸ ਨੂੰ ਵਿੱਤੀ ਸਾਲ ਵਿੱਚ 23 ਕਰੋੜ ਰੁਪਏ ਮਿਲਣਗੇ, ਜੋ ਕਿ 2024-25 ਵਿੱਚ 18.70 ਕਰੋੜ ਰੁਪਏ ਸਨ। ਕੌਮੀ ਡੋਪਿੰਗ ਵਿਰੋਧੀ ਏਜੰਸੀ ਦਾ ਬਜਟ 20.30 ਕਰੋੜ ਰੁਪਏ ਤੋਂ ਵਧਾ ਕੇ 24.30 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਖੇਡ ਮੰਤਰੀ ਮਾਂਡਵੀਆ ਨੇ ਕੀਤੀ ਸ਼ਲਾਘਾ
ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਮਨਸੁਖ ਮਾਂਡਵੀਆ ਨੇ ਐਕਸ ’ਤੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ, ‘ਇਹ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ‘ਖੇਲੋ ਇੰਡੀਆ’ ਨੂੰ ਹੁਲਾਰਾ ਦੇਵੇਗਾ।’ ਇਹ ਵਾਧਾ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵੀ ਜ਼ਿਆਦਾ ਹੈ ਕਿ ਅਗਲੇ ਸਾਲ ਓਲੰਪਿਕ, ਰਾਸ਼ਟਰਮੰਡਲ ਜਾਂ ਏਸ਼ਿਆਈ ਖੇਡਾਂ ਵਰਗਾ ਕੋਈ ਵੱਡਾ ਖੇਡ ਸਮਾਗਮ ਨਹੀਂ ਹੈ।