For the best experience, open
https://m.punjabitribuneonline.com
on your mobile browser.
Advertisement

ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦਾ ਐਲਾਨ

10:02 AM Jul 13, 2024 IST
ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦਾ ਐਲਾਨ
ਭਵਾਨੀਗੜ੍ਹ ਵਿੱਚ ਕੌਮੀ ਮਾਰਗ ’ਤੇ ਧਰਨੇ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਆਗੂ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੁਲਾਈ
ਨੇੜਲੇ ਪਿੰਡ ਬਲਿਆਲ ਵਿਖੇ ਬੁੱਧਵਾਰ ਨੂੰ ਘਰੇਲੂ ਬਿਜਲੀ ਸਪਲਾਈ ਠੀਕ ਕਰਦੇ ਸਮੇਂ ਕਰੰਟ ਲੱਗਣ ਕਾਰਨ ਫੌਤ ਹੋਏ ਪਾਵਰਕੌਮ ਦੇ ਸਹਾਇਕ ਲਾਈਨਮੈਨ ਦੀ ਲਾਸ਼ ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਰੱਖ ਕੇ ਬੀਤੇ ਦਿਨ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਪੱਕਾ ਧਰਨਾ ਅੱਜ ਪ੍ਰਸ਼ਾਸਨਿਕ ਤੇ ਪਾਵਰਕੌਮ ਦੇ ਅਧਿਕਾਰੀਆਂ ਦੇ ਮੰਗਾਂ ਮੰਨੇ ਜਾਣ ਦੇ ਭਰੋਸੇ ਮਗਰੋਂ ਸਮਾਪਤ ਹੋ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪਾਵਰਕੌਮ ਮੁਲਾਜ਼ਮਾਂ ਦੇ ਜੁਆਇੰਟ ਫ਼ੋਰਮ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਸੌਰ, ਗੁਰਪ੍ਰੀਤ ਸਿੰਘ ਗੱਡੀਵਿੰਡ ਨੇ ਦੱਸਿਆ ਕਿ ਮ੍ਰਿਤਕ ਲਾਈਨਮੈਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪਾਵਰਕੌਮ ਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਸਦਕਾ ਅੱਜ ਪ੍ਰਸ਼ਾਸਨ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਆਪਣੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਵੱਲੋਂ ਮ੍ਰਿਤਕ ਲਾਈਨਮੈਨ ਕਮਲਜੀਤ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ, ਪੈਨਸ਼ਨ ਅਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਦੀ ਤਰਫੋਂ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਧਰ, ਭਵਾਨੀਗੜ੍ਹ ਪੁਲੀਸ ਨੇ ਆਪਣੇ ਘਰ ਵਿੱਚ ਜੈਨਰੇਟਰ ਚਲਾਉਣ ਵਾਲੇ ਪਤੀ-ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕਰਦਿਆਂ ਸਮੂਹ ਮੁਲਾਜ਼ਮਾਂ ਨੂੰ ਮ੍ਰਿਤਕ ਲਾਈਨਮੈਨ ਕਮਲਜੀਤ ਸਿੰਘ ਦੇ ਅੰਤਿਮ ਸੰਸਕਾਰ ਲਈ ਪਿੰਡ ਖੇੜੀ ਪਹੁੰਚਣ ਦੀ ਅਪੀਲ ਕੀਤੀ। ਧਰਨੇ ਵਿੱਚ ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਫਲਜੀਤ ਸਿੰਘ, ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਭਾਕਿਯੂ ਉਗਰਾਹਾਂ ਦੇ ਹਰਜੀਤ ਸਿੰਘ ਮਹਿਲਾਂ, ਬਲਵਿੰਦਰ ਸਿੰਘ ਘਨੌੜ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਦੋ ਦਿਨ ਤੋਂ ਮੁੱਖ ਮਾਰਗ ਜਾਮ ਹੋਣ ਕਾਰਨ ਜਿੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਹੀ ਰਾਤ ਨੂੰ ਸ਼ਹਿਰ ਦੀ ਘਰੇਲੂ ਬਿਜਲੀ ਸਪਲਾਈ ਠੱਪ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਸੀ।

Advertisement

ਡਿਊਟੀ ਦੌਰਾਨ ਫ਼ੌਤ ਹੋਏ ਕਰਮਚਾਰੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਫ਼ੌਤ ਹੋਏ ਕਰਮਚਾਰੀਆਂ ਦੇ ਹੱਕ ਵਿੱਚ ਅੱਜ ਇੱਥੋਂ ਦੇ ਪਾਵਰਕੌਮ ਦਫ਼ਤਰ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਡਿਵੀਜ਼ਨ ਪ੍ਰਧਾਨ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ ਅਤੇ ਮੰਗ ਕੀਤੀ ਕਿ ਕੰਮ ਦੌਰਾਨ ਫੌਤ ਹੋਏ ਕਾਮਿਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਗੁਜ਼ਾਰੇ ਲਈ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਰੈਲੀ ਦੌਰਾਨ ਮੁਲਾਜ਼ਮਾਂ ਦੀਆਂ ਮੰਗਾ ਨਾ ਮੰਨਣ ਕਰ ਕੇ ਐਕਸੀਅਨ ਰਾਜਪੁਰਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਦਿਨਾਂ ਦੌਰਾਨ ਲੁਧਿਆਣਾ, ਮੋਗਾ, ਖਰੜ ਅਤੇ ਭਵਾਨੀਗੜ੍ਹ ਸ਼ਹਿਰਾਂ ਵਿਖੇ ਡਿਊਟੀ ਦੌਰਾਨ ਕੰਮ ਕਰਦੇ ਕਰਮਚਾਰੀ ਸ਼ਹੀਦ ਹੋ ਗਏ ਸਨ। ਇਹ ਸਾਰੀਆਂ ਘਟਨਾਵਾਂ ਲਈ ਪਾਵਰਕੌਮ ਦੀ ਮੈਨੇਜਮੈਂਟ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਰੈਲੀ ਨੂੰ ਸਰਕਲ ਦੇ ਸਕੱਤਰ ਕੁਲਦੀਪ ਸਿੰਘ, ਸਹਾਇਕ ਸਕੱਤਰ ਪ੍ਰਮੋਦ ਕੌਸ਼ਲ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਸੈਦਖੇੜੀ, ਸਕੱਤਰ ਅਰਵਿੰਦ ਸਿੰਘ, ਜੇਈ ਸਵਰਨ ਸਿੰਘ, ਮੀਤ ਪ੍ਰਧਾਨ ਦਵਿੰਦਰ ਸ਼ਰਮਾ, ਰਿਟਾਇਰ ਯੂਨੀਅਨ ਦੇ ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਗੁਰਬਚਨ ਸਿੰਘ ਨੇ ਸੰਬੋਧਨ ਕੀਤਾ।

Advertisement
Author Image

joginder kumar

View all posts

Advertisement
Advertisement
×