ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਐਲਾਨ
ਨਵੀਂ ਦਿੱਲੀ, 28 ਅਕਤੂਬਰ
ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਮੇਅਰ ਦੀ ਚੋਣ ਅਗਲੇ ਮਹੀਨੇ ਹਾਊਸ ਦੀ ਮੀਟਿੰਗ ਵਿੱਚ ਹੋਵੇਗੀ। ਇਹ ਐਲਾਨ ਨਗਰ ਨਿਗਮ ਦੀ ਮੇਅਰ ਸ਼ੈਲੀ ਓਬਰਾਏ ਨੇ ਅੱਜ ਮੌਜੂਦਾ ਸੈਸ਼ਨ ਨੂੰ ਮੁਲਤਵੀ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਕਰੀਬ ਛੇ ਮਹੀਨਿਆਂ ਤੋਂ ਲੰਬਿਤ ਹੈ। ਅੱਜ ਸ਼ੈਲੀ ਓਬਰਾਏ ਦੇ ਸਦਨ ਵਿੱਚ ਪੁੱਜਣ ਤੋਂ ਤੁਰੰਤ ਬਾਅਦ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਪ੍ਰਦੂਸ਼ਣ ਅਤੇ ਮੇਅਰ ਦੀਆਂ ਚੋਣਾਂ ਵਿਚ ਦੇਰੀ ਵਰਗੇ ਮੁੱਦਿਆਂ ’ਤੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ‘ਆਪ’ ਦੇ ਕੌਂਸਲਰਾਂ ਵੱਲੋਂ ਵੀ ਨਾਅਰੇਬਾਜ਼ੀ ਕੀਤੀ ਗਈ ਤੇ ਹੰਗਾਮਾ ਹੋ ਗਿਆ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਮੇਅਰ ਦੀ ਚੋਣ ਕਰਵਾਉਣ ਦੀ ਮੰਗ ਕੀਤੀ, ਜੋ ਤੀਜੀ ਵਾਰ ਦਲਿਤ ਉਮੀਦਵਾਰ ਲਈ ਰਾਖਵੀਂ ਹੈ ਅਤੇ ਅਪਰੈਲ ਤੋਂ ਲੰਬਿਤ ਹੈ। ਹੰਗਾਮੇ ਦੌਰਾਨ ਓਬਰਾਏ ਨੇ ਕਿਹਾ, “ਭਰੋਸਾ ਰੱਖੋ ਕਿ ਅਗਲੀ ਮੀਟਿੰਗ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਫਿਲਹਾਲ ਸਾਨੂੰ ਚਰਚਾ ਦੇ ਏਜੰਡੇ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’’ ਹਾਲਾਂਕਿ ਜਦੋਂ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਇਤਰਾਜ਼ ਉਠਾਉਣਾ ਜਾਰੀ ਰੱਖਿਆ ਤਾਂ ਓਬਰਾਏ ਨੇ ਕਈ ਮਤੇ ਪਾਸ ਕਰਕੇ ਸਦਨ ਨੂੰ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤਾ। ਮੇਅਰ ਦੇ ਦੇਰੀ ਨਾਲ ਪਹੁੰਚਣ ਕਾਰਨ ਸਦਨ ਦੀ ਕਾਰਵਾਈ 11 ਵਜੇ ਦੇ ਨਿਰਧਾਰਤ ਸਮੇਂ ਤੋਂ 45 ਮਿੰਟ ਦੇਰੀ ਨਾਲ ਸ਼ੁਰੂ ਹੋਈ, ਜਿਸ ’ਤੇ ਕਈ ਕੌਂਸਲਰਾਂ ਨੇ ਵਿਰੋਧ ਕੀਤਾ। ਇਸ ਦੌਰਾਨ ਭਾਜਪਾ ਦੇ ਕੌਂਸਲਰ ਮੇਅਰ ਦੀ ਚੇਅਰ ਤੱਕ ਪਹੁੰਚ ਗਏ ਤੇ ਉਨ੍ਹਾਂ ਸ਼ੈਲੀ ਓਬਰਾਏ ਸ਼ਾਂਤ ਕਰਦੇ ਰਹੇ। ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਅਗਲੀ ਮਹੀਨੇ ਹਾਊਸ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ।