ਕੈਬਨਿਟ ਮੰਤਰੀ ਧਾਲੀਵਾਲ ਦੇ ਘਰ ਅੱਗੇ ਧਰਨੇ ਲਾਉਣ ਦਾ ਐਲਾਨ
ਪੱਤਰ ਪ੍ਰੇਰਕ
ਅਜਨਾਲਾ, 17 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਸਮਤੀ ਦੇ ਮੰਡੀ ਵਿੱਚ ਡਿੱਗੇ ਰੇਟ ਵਿਰੁੱਧ, ਬਾਸਮਤੀ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ, ਬਾਸਮਤੀ ਦੇ ਨਿਰਯਾਤ ਲਈ ਵਾਹਗਾ, ਹੁਸੈਨੀਵਾਲਾ ਸਰਹੱਦ ਖੋਲ੍ਹਣ, ਪਰਮਲ ਕਿਸਮ ਦੇ ਝੋਨੇ ਦੀ ਸਰਕਾਰੀ ਖਰੀਦ ਦਾ ਪ੍ਰਬੰਧ ਕਰਨ ਅਤੇ ਡੀਏਪੀ ਖਾਦ ਦੀ ਕਿੱਲਤ ਦੂਰ ਕਰਨ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਅੱਗੇ 21, 22 ਅਤੇ 23 ਅਕਤੂਬਰ ਨੂੰ ਤਿੰਨ ਦਿਨ ਦਾ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ।
ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਧਾਨ ਜਤਿੰਦਰ ਸਿੰਘ ਛੀਨਾ, ਸੁਖਦੇਵ ਸਿੰਘ ਸੈਂਸਰਾ ਅਤੇ ਇਸਤਰੀ ਵਿੰਗ ਦੀ ਸੂਬਾ ਕਨਵੀਨਰ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਹਰ ਧਰਨੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਰਹੇ ਹਨ ਕਿ ਜੇਕਰ ਬਾਸਮਤੀ ਦਾ ਰੇਟ ਤਿੰਨ ਹਜ਼ਾਰ ਤੋਂ ਘੱਟ ਹੋਇਆ ਤਾਂ ਪੰਜਾਬ ਸਰਕਾਰ ਮੰਡੀ ਵਿੱਚ ਦਖਲ ਦੇਵੇਗੀ ਤਾ ਜੋ ਭਾਅ ਨੂੰ ਸਥਿਰ ਰੱਖਿਆ ਜਾ ਸਕੇ ਪਰ ਇਸ ਸੀਜ਼ਨ ਵਿੱਚ ਬਾਸਮਤੀ ਦਾ ਰੇਟ ਤਿੰਨ ਹਜ਼ਾਰ ਤੋਂ ਥੱਲੇ ਹੀ ਰਿਹਾ।