For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ 17 ਟਿਊਬਵੈੱਲ ਬੰਦ ਕਰਨ ਦਾ ਐਲਾਨ

08:09 AM Apr 24, 2024 IST
ਚੰਡੀਗੜ੍ਹ ਵਿੱਚ 17 ਟਿਊਬਵੈੱਲ ਬੰਦ ਕਰਨ ਦਾ ਐਲਾਨ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 23 ਅਪਰੈਲ
ਚੰਡੀਗੜ੍ਹ ਨਗਰ ਨਿਗਮ ਚੰਡੀਗੜ੍ਹ ਨੇ ਸ਼ਹਿਰ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਗ਼ੈਰ-ਕਾਨੂੰਨੀ ਢੰਗ ਨਾਲ ਜ਼ਮੀਨਦੋਜ਼ ਪਾਣੀ ਕੱਢਣ ਅਤੇ ਵਪਾਰਕ ਕੰਮਾਂ ਲਈ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਗਮ ਦੇ 17 ਟਿਊਬਵੈੱਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਨਿਗਮ ਦੇ ਇੰਜਨੀਅਰਾਂ ਦੀ ਟੀਮ ਵੱਲੋਂ ਸੌਂਪੀ ਰਿਪੋਰਟ ਤੋਂ ਬਾਅਦ ਸ਼ਹਿਰ ਦੇ 17 ਮਿਉਂਸਿਪਲ ਸਰਕਾਰੀ ਟਿਊਬਵੈੱਲਾਂ ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਵਰਤੋਂ ਲਈ ਤਾਜ਼ੇ ਪਾਣੀ ਦੀ ਵਧਦੀ ਮੰਗ, ਬਰਸਾਤ ਦੀ ਅਨਿਸ਼ਚਿਤਤਾ, ਵਧਦੀ ਆਬਾਦੀ, ਉਦਯੋਗੀਕਰਨ ਅਤੇ ਸ਼ਹਿਰੀਕਰਨ ਕਾਰਨ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਨਿਕਾਸੀ ਆਦਿ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਇੰਜਨੀਅਰਾਂ ਦੀ ਟੀਮ ਨੇ ਸਰਵੇਖਣ ਕੀਤਾ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਉਦੇਸ਼ ਨਾਲ 17 ਟਿਊਬਵੈਲਾਂ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦਾ ਪੱਧਰ ਬਰਕਰਾਰ ਰਹੇਗਾ ਸਗੋਂ ਸਾਲਾਨਾ ਕਰੀਬ 50 ਲੱਖ ਰੁਪਏ ਦੀ ਬਿਜਲੀ ਦੀ ਬੱਚਤ ਵੀ ਹੋਵੇਗੀ।
ਉਨ੍ਹਾਂ ਕਿਹਾ ਕਿ ਨਿਗਮ ਨੇ ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਸਬੰਧੀ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਮੀਂਹ ਦੇ ਪਾਣੀ ਦੀ ਪ੍ਰਭਾਵੀ ਸੰਭਾਲ ਲਈ ਢੁਕਵੀਆਂ ਕਾਰਵਾਈਆਂ ਸ਼ੁਰੂ ਕਰਨ, ਪਾਣੀ ਦੀ ਵਰਤੋਂ ਕੁਸ਼ਲਤਾ ਨੂੰ ਵਧਾਉਣਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਭਾਈਚਾਰਕ ਸ਼ਮੂਲੀਅਤ ਨਾਲ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੇ ਟਿਕਾਊ ਪ੍ਰਬੰਧਨ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੇ ਪਿੰਡਾਂ ਵਿੱਚ ‘ਰੀਚਾਰਜ ਸਟਰਕਚਰ’ ਦੀ ਉਸਾਰੀ, ਰਵਾਇਤੀ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਅਤੇ 5 ਸੁੰਦਰ ‘ਅੰਮ੍ਰਿਤ ਸਰੋਵਰਾਂ’ ਦੀ ਪੁਨਰ ਸੁਰਜੀਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ ਵਿਸ਼ੇਸ਼ ਮੁਹਿੰਮਾਂ ਰਾਹੀਂ ਰੋਜ਼ਾਨਾ ਹੀ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਪਿਛਲੇ ਅੱਠ ਦਿਨਾਂ ਵਿੱਚ 89 ਚਲਾਨ ਕੱਟਣ ਤੋਂ ਇਲਾਵਾ ਸ਼ਹਿਰ ਭਰ ਵਿੱਚ 425 ਖ਼ਪਤਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਪ੍ਰਤੀ ਵਚਨਬੱਧਤਾ ਨਾਲ ਇਹ ਰੋਜ਼ਾਨਾ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਨਿਗਮ ਨੇ ਖ਼ਪਤਕਾਰਾਂ ਦੇ ਨੁਕਸਦਾਰ ਪਾਣੀ ਦੇ ਮੀਟਰ ਬਦਲ ਕੇ ਤੇ ਮੀਟਰ ਦੀ ਲਾਗਤ ਤੋਂ ਇਲਾਵਾ ਲੇਬਰ ਤੇ ਟੈਸਟਿੰਗ ਖ਼ਰਚੇ ਵਸੂਲ ਕੇ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×