ਝੋਨੇ ਦੀ ਖ਼ਰੀਦ ਨਾ ਹੋਣ ’ਤੇ ਕੌਮੀ ਮਾਰਗ ਜਾਮ ਕਰਨ ਦਾ ਐਲਾਨ
ਮਿਹਰ ਸਿੰਘ
ਕੁਰਾਲੀ, 6 ਅਕਤੂਬਰ
ਸ਼ਹਿਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀ ਵਿੱਚ ਝੋਨੇ ਦੀ ਫ਼ਸਲ ਦੇ ਅੰਬਾਰ ਲੱਗ ਗਏ ਹਨ ਜਦਕਿ ਕਿਸਾਨਾਂ ਤੇ ਆੜ੍ਹਤੀਆਂ ਨੇ ਮੀਟਿੰਗ ਕਰਕੇ ਭਲਕੇ ਸੋਮਵਾਰ ਨੂੰ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ। ਝੋਨੇ ਦੀ ਖਰੀਦ ਨਾ ਹੋਣ ਕਾਰਨ ਸ਼ਹਿਰ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਸਰਕਲ ਪ੍ਰਧਾਨ ਜਰਨੈਲ ਸਿੰਘ ਗੋਸਲਾਂ, ਦੀਪ ਸਿੰਘ ਸਿੰਘਪੁਰਾ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਕਿਸਾਨਾਂ ਤੇ ਆੜ੍ਹਤੀਆਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਰੇਸ਼ਮ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ਦੀ ਹੁਣ ਮੰਡੀਆਂ ਵਿੱਚ ਬੇਕਦਰੀ ਹੋ ਰਹੀ ਹੈ ਅਤੇ ਮੰਡੀ ਵਿੱਚ ਖਰੀਦ ਨਹੀਂ ਹੋ ਰਹੀ। ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਮਨਜੀਤ ਸਿੰਘ ਸਿੰਘਪੁਰਾ, ਸੰਜੇ ਮਿੱਤਲ ਤੇ ਸੰਜੇ ਗੋਇਲ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੀਆਂ ਆੜ੍ਹਤਾਂ ਦੀਆਂ ਚਾਬੀਆਂ ਮੁੱਖ ਮੰਤਰੀ ਨੂੰ ਸੌਂਪ ਕੇ ਰੋਸ ਪ੍ਰਦਸ਼ਨ ਕਰਨਗੇ। ਇਸੇ ਦੌਰਾਨ ਨਾਇਬ ਤਹਿਸੀਲਦਾਰ ਖਰੜ ਨੇ ਮੌਕੇ ’ਤੇ ਪੁੱਜ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮਜ਼ਦੂਰ ਪ੍ਰੇਸ਼ਾਨ
ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮਜ਼ਦੂਰ ਵੀ ਪ੍ਰੇਸ਼ਾਨ ਹਨ। ਮੰਡੀ ਮਜ਼ਦੂਰਾਂ ਰਾਮ ਕੁਮਾਰ, ਹਰੀ ਰਾਮ, ਪਾਲਾ ਆਦਿ ਨੇ ਦੱਸਿਆ ਮੰਡੀ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਨੂੰ ਵਿਹਲੇ ਬੈਠ ਕੇ ਮੁੜਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਮੰਡੀ ਸ਼ੁਰੂ ਨਾਲ ਹੋਣ ਕਾਰਨ ਉਨ੍ਹਾਂ ‘ਤੇ ਵੀ ਆਰਥਿਕ ਸੰਕਟ ਮੰਡਰਾਉਂਦਾ ਨਜ਼ਰ ਆ ਰਿਹਾ ਹੈ।