ਤਰਲੋਚਨ ਸਿੰਘ ਦੀ ਯਾਦ ’ਚ ਐਵਾਰਡ ਦੇਣ ਦਾ ਐਲਾਨ
ਡੀ ਪੀ ਐੱਸ ਬੱਤਰਾ
ਸਮਰਾਲਾ, 14 ਅਕਤੂਬਰ
ਲੇਖਕ ਮੰਚ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਲੇਖਕ ਮੰਚ ਵੱਲੋਂ 10 ਨਵੰਬਰ ਨੂੰ ਮਾਸਟਰ ਤਰਲੋਚਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮਾਸਟਰ ਤਰਲੋਚਨ ਸਿੰਘ ਦੀ ਜ਼ਿੰਦਗੀ ਦੇ ਸਾਰੇ ਪੱਖਾਂ ਬਾਰੇ ਚਰਚਾ ਕੀਤੀ ਜਾਵੇਗੀ। ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿੱਚ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਨਾਟਕਕਾਰ ਕੇਵਲ ਧਾਲੀਵਾਲ, ਰਾਜਿੰਦਰ ਸਿੰਘ ਭਦੌੜ ਅਤੇ ਡਾ. ਕੁਲਦੀਪ ਸਿੰਘ ਦੀਪ ਸਰੋਤਿਆਂ ਦੇ ਸਨਮੁਖ ਹੋਣਗੇ। ਇਸ ਮੌਕੇ ਮਾਸਟਰ ਤਰਲੋਚਨ ਸਿੰਘ ਦਾ ਲਿਖਿਆ ਨਾਟਕ ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ। ਮੰਚ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਮਾਸਟਰ ਤਰਲੋਚਨ ਸਿੰਘ ਦੇ ਨਾਂ ’ਤੇ ਰੰਗਮੰਚ ਦੀ ਕਿਸੇ ਸ਼ਖ਼ਸੀਅਤ ਨੂੰ ਐਵਾਰਡ ਦਿੱਤਾ ਜਾਵੇਗਾ।
ਰਚਨਾਵਾਂ ਦੇ ਦੌਰ ਵਿੱਚ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਲਮਜੀਤ ਨੀਲੋਂ ਨੇ ਕਹਾਣੀਆਂ ‘ਸਕੂਨ ਭਰੀ ਜ਼ਿੰਦਗੀ’ ਸੁਣਾ ਕੇ ਸਾਹਿਤਕਾਰ ਦੀ ਘਰੇਲੂ ਜ਼ਿੰਦਗੀ ਨਾਲ ਸਾਂਝ ਪੁਆਈ ਅਤੇ ਰਿਸ਼ਤਿਆਂ ਦੀ ਮਹੱਤਤਾ ਦਰਸਾਉਂਦੀ ਕਹਾਣੀ ‘ਰਿਸ਼ਤਾ’ ਸੁਣਾ ਕੇ ਮਹਾਨ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਕਰਮਜੀਤ ਬਾਸੀ ਨੇ ਰਵਾਨੀ ਭਰੀ ਕਵਿਤਾ ‘ਕਿਉਂ ਡਰਾਂ ਮੈਂ?’ ਸੁਣਾਈ। ਦੀਪ ਦਿਲਬਰ ਨੇ ਗ਼ਜ਼ਲਗੋ ਤੇ ਵਾਰਤਾਕਾਰ ਸਵਰਗੀ ਜਗਦੀਸ਼ ਨੀਲੋਂ ਬਾਰੇ ਲਿਖਿਆ ‘ਗੂੜ੍ਹੀ ਛਾਂ ਵੰਡਦੀ ਲੇਖਕਾਂ ਦੀ ਤ੍ਰਿਵੈਣੀ’ ਲੇਖ ਸੁਣਾਇਆ, ਜਿਸ ਵਿੱਚ ਜਗਦੀਸ਼ ਨੀਲੋਂ ਦੇ ਲਿਖੇ ਸ਼ੇਅਰਾਂ ਨੇ ਲੇਖ ਦੀ ਰੌਚਿਕਤਾ ਬਣਾਈ ਰੱਖੀ ‘ਸਿਤਾਰੇ ਧਰਤ ਉੱਤੋਂ ਬਹੁਤ ਦਿਲਕਸ਼ ਨਜ਼ਰ ਆਉਂਦੇ ਨੇ, ਸਿਤਾਰਾ ਬਣ ਗਿਆ ਜਿਹੜਾ, ਉਹ ਵਾਪਸ ਪਰਤਿਆ ਨਾ ਸੀ।’