ਮੁਲਾਜ਼ਮਾਂ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਧਰਨਾ ਦੇਣ ਦਾ ਐਲਾਨ
ਖੇਤਰੀ ਪ੍ਰਤੀਨਿਧ
ਬਰਨਾਲਾ, 20 ਅਕਤੂਬਰ
ਮੁਲਾਜ਼ਮ ਡਿਫੈਂਸ ਕਮੇਟੀ ਬਰਨਾਲਾ ਨੇ 15 ਅਕਤੂਬਰ ਨੂੰ ਸੂਬੇ ਭਰ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਕਈ ਥਾਈਂ ਹੋਈ ਕਥਿਤ ਧੱਕੇਸ਼ਾਹੀ ਦਾ ਨੋਟਿਸ ਲਿਆ ਅਤੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ’ਤੇ ਪਾਉਂਦਿਆਂ ਚੋਣਾਂ ਲਈ ਯੋਗ ਪ੍ਰਬੰਧ ਕਰਨ ਵਿੱਚ ਪੰਜਾਬ ਚੋਣ ਕਮਿਸ਼ਨ ਨੂੰ ਅਸਫ਼ਲ ਕਰਾਰ ਦਿੱਤਾ ਹੈ। ਮੁਲਾਜ਼ਮ ਡਿਫੈਂਸ ਕਮੇਟੀ ਦੇ ਆਗੂਆਂ ਅਨਿਲ ਕੁਮਾਰ, ਰਾਜੀਵ ਕੁਮਾਰ, ਤਰਸੇਮ ਭੱਠਲ ਤੇ ਰਮੇਸ਼ ਹਮਦਰਦ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਅਧਿਆਪਕ ਜੱਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਪੰਜਾਬ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੰਦਿਆਂ ਵੋਟਾਂ ਦੀ ਗਿਣਤੀ ਕੇਂਦਰੀਕ੍ਰਿਤ ਕੇਂਦਰਾਂ ‘ਤੇ ਪੂਰੇ ਸੁਰੱਖਿਆ ਪ੍ਰਬੰਧਾਂ ਅਧੀਨ ਕਰਾਉਣ ਦੀ ਮੰਗ ਕੀਤੀ ਗਈ ਸੀ ਪਰ ਚੋਣ ਅਧਿਕਾਰੀ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਕੀਤਾ। ਆਗੂਆਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਬੰਧਾਂ ਵਿੱਚ ਰਹੀਆਂ ਖਾਮੀਆਂ ਦੇ ਰੋਸ ਵਜੋਂ 23 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।