ਪ੍ਰਦੂਸ਼ਣ ਕੰਟਰੋਲ ਲਈ 21 ਨੁਕਾਤੀ ਯੋਜਨਾ ਦਾ ਐਲਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਆਉਣ ਵਾਲੇ ਮਹੀਨਿਆਂ ਵਿੱਚ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ 21-ਨੁਕਾਤੀ ਸਰਦ ਰੁੱਤ ਕਾਰਜ ਯੋਜਨਾ ਦਾ ਐਲਾਨ ਕੀਤਾ। ਸ੍ਰੀ ਰਾਏ ਨੇ ਕਿਹਾ ਕਿ ਹੌਟਸਪੌਟਸ ਦੀ ਨਿਗਰਾਨੀ ਕੀਤੀ ਜਾਣੀ ਜ਼ਰੂਰੀ ਹੈ। ਪਹਿਲੀ ਵਾਰ ਪ੍ਰਦੂਸ਼ਣ ਦੇ ਹੌਟਸਪੌਟਸ ਦੀ ਨਿਗਰਾਨੀ ਕਰਨ ਲਈ ਡਰੋਨ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਵਿੰਟਰ ਐਕਸ਼ਨ ਪਲਾਨ ਵਿੱਚ ਡਰੋਨਾਂ ਰਾਹੀਂ ਹੌਟਸਪੌਟਸ ਦੀ ਰੀਅਲ-ਟਾਈਮ ਨਿਗਰਾਨੀ, ਵਿਸ਼ੇਸ਼ ਟਾਸਕ ਫੋਰਸ ਦਾ ਗਠਨ, ਧੂੜ ਪ੍ਰਦੂਸ਼ਣ ’ਤੇ ਕੰਟਰੋਲ, ਮੋਬਾਈਲ ਐਂਟੀ ਸਮੋਗਗੰਨ ਦਾ ਸੰਚਾਲਨ, ਵਾਹਨਾਂ ਦੇ ਪ੍ਰਦੂਸ਼ਣ ’ਤੇ ਕੰਟਰੋਲ, ਖੁੱਲ੍ਹੇ ਵਿੱਚ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣਾ, ਪਰਾਲੀ ਸਾੜਨਾ, ਉਦਯੋਗਿਕ ਪ੍ਰਦੂਸ਼ਣ, ਹਰਿਆਵਲ ਵਧਾਉਣਾ ਸ਼ਾਮਲ ਹੈ। ਵਾਰ ਰੂਮ ਅਤੇ ਗ੍ਰੀਨ ਦਿੱਲੀ ਐਪ ਦੀ ਵਰਤੋਂ, ਰੀਅਲ-ਟਾਈਮ ਸਰੋਤ ਵੰਡ ਅਧਿਐਨ, ਈ-ਵੇਸਟ ਈਕੋ-ਪਾਰਕ, ਹਰਿਆਲੀ ਖੇਤਰ ਜਾਂ ਪੌਦੇ ਲਗਾਉਣਾ, ਪਟਾਕਿਆਂ ’ਤੇ ਪਾਬੰਦੀ, ਕੇਂਦਰ ਸਰਕਾਰ ਅਤੇ ਗੁਆਂਢੀ ਰਾਜਾਂ ਨਾਲ ਗੱਲਬਾਤ, ਸਵੈ-ਇੱਛਤ ਵਾਹਨਾਂ ’ਤੇ ਪਾਬੰਦੀ, ਔਡ-ਈਵਨ ਸਕੀਮ ਦੀ ਤਿਆਰੀ ਤੇ ਨਕਲੀ ਵਰਖਾ ਕਰਵਾਉਣ ਵਰਗੇ ਉਪਾਅ ਲੋੜ ਅਨੁਸਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਪੈਸ਼ਲ ਟਾਸਕ ਫੋਰਸ ਵਿੱਚ ਛੇ ਮੈਂਬਰ ਹੋਣਗੇ, ਜਿਨ੍ਹਾਂ ਵਿੱਚ ਵਾਤਾਵਰਨ, ਟਰਾਂਸਪੋਰਟ, ਮਾਲ, ਟਰੈਫਿਕ ਪੁਲੀਸ, ਐੱਮਸੀਡੀ ਅਤੇ ਪੀਡਬਲਿਊਡੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ।