ਅੰਨਦਾਤਾ ਬੇਹਾਲ: ਮੰਡੀਆਂ ’ਚ ਫ਼ਸਲ ਤੇ ਸੜਕਾਂ ’ਤੇ ਰੁਲੇ ਕਿਸਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਪੰਜਾਬ ’ਚ ਹਾਲੇ ਝੋਨੇ ਦੀ ਆਮਦ ਨੇ ਪੂਰੀ ਰਫ਼ਤਾਰ ਨਹੀਂ ਫੜੀ ਪਰ ਉਸ ਤੋਂ ਪਹਿਲਾਂ ਹੀ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਡਾਵਾਂਡੋਲ ਹੋ ਗਏ ਹਨ। ਸ਼ੈੱਲਰ ਮਾਲਕ ਝੋਨਾ ਚੁੱਕਣ ਨੂੰ ਤਿਆਰ ਨਹੀਂ। ਕਿਸਾਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨ ਅਤੇ ਆੜ੍ਹਤੀਆਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਕਈ ਵਰ੍ਹਿਆਂ ਮਗਰੋਂ ਖ਼ਰੀਦ ਕੇਂਦਰਾਂ ’ਚ ਅਜਿਹੀ ਸਥਿਤੀ ਉੱਭਰੀ ਹੈ।
ਖ਼ਰੀਦ ਕੇਂਦਰਾਂ ’ਤੇ ਨਜ਼ਰ ਮਾਰੀਏ ਤਾਂ ਸੂਬੇ ਭਰ ਵਿਚ ਬੀਤੇ ਦਿਨ ਤੱਕ 16.49 ਲੱਖ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ’ਚੋਂ 14.81 ਲੱਖ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਖਰੀਦੀ ਗਈ ਫ਼ਸਲ ’ਚੋਂ 87.50 ਫ਼ੀਸਦ ਫ਼ਸਲ ਦੀ ਮੰਡੀਆਂ ’ਚੋਂ ਲਿਫ਼ਟਿੰਗ ਨਹੀਂ ਹੋਈ। ਸਿਰਫ਼ 12.50 ਫ਼ੀਸਦ ਫ਼ਸਲ ਹੀ ਚੁੱਕੀ ਗਈ ਹੈ। ਕੱਲ੍ਹ ਪੂਰੇ ਦਿਨ ’ਚ ਸਿਰਫ਼ 255 ਟਨ ਹੀ ਫ਼ਸਲ ਦੀ ਲਿਫ਼ਟਿੰਗ ਹੋਈ ਹੈ।
ਬੋਰੀਆਂ ਦੀ ਭਰਾਈ ਇਸ ਵਾਰ 37.50 ਕਿਲੋ ਦੀ ਹੈ। ਇਸ ਲਿਹਾਜ਼ ਨਾਲ ਪੰਜਾਬ ਦੀਆਂ ਮੰਡੀਆਂ ਵਿਚ ਇਸ ਵੇਲੇ 3.45 ਕਰੋੜ ਬੋਰੀਆਂ ਦੀ ਲਿਫ਼ਟਿੰਗ ਹੋਣੀ ਬਾਕੀ ਹੈ ਅਤੇ ਸਿਰਫ਼ 49 ਲੱਖ ਬੋਰੀਆਂ ਦੀ ਚੁਕਾਈ ਹੋਈ ਹੈ। ਜ਼ਿਲ੍ਹਾ ਸੰਗਰੂਰ ਵਿਚ 97 ਫ਼ੀਸਦ ਫ਼ਸਲ ਦੀ ਲਿਫ਼ਟਿੰਗ ਹੋਣੀ ਬਾਕੀ ਹੈ ਜਦਕਿ ਫ਼ਰੀਦਕੋਟ ਜ਼ਿਲ੍ਹੇ ਵਿਚ 96 ਫ਼ੀਸਦ ਫ਼ਸਲ ਚੁੱਕੀ ਨਹੀਂ ਗਈ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਵਿਚ 96 ਫ਼ੀਸਦ, ਹੁਸ਼ਿਆਰਪੁਰ ’ਚ ਵੀ 96 ਫ਼ੀਸਦ, ਸ਼ਹੀਦ ਭਗਤ ਸਿੰਘ ਨਗਰ ’ਚ 99.81 ਫ਼ੀਸਦ, ਬਠਿੰਡਾ ’ਚ 94 ਫ਼ੀਸਦ, ਰੋਪੜ ’ਚ 94 ਫ਼ੀਸਦ, ਸ੍ਰੀ ਮੁਕਤਸਰ ਸਾਹਿਬ ਵਿਚ 80 ਫ਼ੀਸਦ ਤੇ ਲੁਧਿਆਣਾ ’ਚ 88 ਫ਼ੀਸਦ ਫ਼ਸਲ ਦੀ ਲਿਫ਼ਟਿੰਗ ਨਹੀਂ ਹੋਈ ਹੈ। ਪੰਜਾਬ ’ਚ ਬੀਤੇ ਦਿਨ ਕੋਈ ਖ਼ਰੀਦ ਨਹੀਂ ਹੋਈ। ਸ਼ੈਲਰ ਮਾਲਕਾਂ ਨੇ ਝੋਨੇ ਦੀ ਫ਼ਸਲ ਚੁੱਕਣ ਤੋਂ ਇਨਕਾਰ ਕੀਤਾ ਹੋਇਆ ਹੈ ਉਹ ਮਿਲਿੰਗ ਮਗਰੋਂ ਚੌਲ ਲਾਉਣ ਲਈ ਸੂਬੇ ’ਚ ਪਹਿਲਾਂ ਜਗ੍ਹਾ ਦਾ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਕੁਝ ਦਿਨ ਪਹਿਲਾਂ ਹੀ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੇ ਮਸਲੇ ਦੇ ਹੱਲ ਲਈ ਕੇਂਦਰੀ ਖ਼ੁਰਾਕ ਮੰਤਰੀ ਨੂੰ ਮਿਲ ਕੇ ਆਏ ਹਨ।
ਕਿਸਾਨਾਂ ਵੱਲੋਂ ਧਰਨੇ ਸ਼ੁਰੂ
ਗੁਰਦਾਸਪੁਰ ਜ਼ਿਲ੍ਹੇ ’ਚ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਸੜਕ ਨੂੰ ਕਿਸਾਨਾਂ ਨੇ ਅੱਜ ਜਾਮ ਕਰ ਦਿੱਤਾ। ਯੂਨਾਈਟਿਡ ਕਿਸਾਨ ਮੋਰਚਾ ਨੇ ਫ਼ਸਲੀ ਖ਼ਰੀਦ ਨਾ ਹੋਣ ਕਰਕੇ ਇਹ ਕਦਮ ਚੁੱਕਿਆ ਅਤੇ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਸਮਰਾਲਾ ਤੋਂ ਨਵਾਂ ਸ਼ਹਿਰ ਮਾਰਗ ਜਾਮ ਕਰ ਦਿੱਤਾ।
ਕੇਂਦਰ ਤੇ ਸੂਬਾ ਸਰਕਾਰ ਮਸਲਿਆਂ ਪ੍ਰਤੀ ਸੁਹਿਰਦ ਨਹੀਂ: ਬਿੰਟਾ
ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਸ਼ੈਲਰ ਮਾਲਕਾਂ ਦੇ ਮਸਲਿਆਂ ਪ੍ਰਤੀ ਸੁਹਿਰਦ ਨਹੀਂ ਹੈ। ਉਹ ਤਾਂ ਸਿਰਫ਼ ਚੌਲ ਭੰਡਾਰਨ ਵਾਸਤੇ ਜਗ੍ਹਾ ਦੀ ਹੀ ਮੰਗ ਕਰ ਰਹੇ ਹਨ, ਜਿਸ ਦਾ ਕੋਈ ਠੋਸ ਜਵਾਬ ਨਹੀਂ ਮਿਲ ਰਿਹਾ। ਆਉਂਦੇ ਦਿਨਾਂ ਵਿਚ ਫ਼ਸਲ ਦੀ ਆਮਦ ਤੇਜ਼ ਹੋਵੇਗੀ ਤੇ ਮੰਡੀਆਂ ’ਚ ਝੋਨਾ ਨਹੀਂ ਸੰਭਲੇਗਾ।