ਅਨਮੋਲ ਧਰੋਹਰ ਮਥੁਰਾ ਵਰਿੰਦਾਵਨ
ਅਵਨੀਸ਼ ਲੌਂਗੋਵਾਲ
ਜਨਮ ਭੂਮੀ ਸ੍ਰੀ ਕ੍ਰਿਸ਼ਨ ਮਥੁਰਾ: ਆਗਰਾ ਜਾਣ ਦੌਰਾਨ ਸਾਡਾ ਗਰੁੱਪ ਹਿੰਦੂ ਧਰਮ ਦੇ ਪਰਮ ਧਾਮ ਸ੍ਰੀ ਕ੍ਰਿਸ਼ਨ ਜਨਮ ਅਸਥਾਨ ਮੰਦਿਰ ਪਰਿਸਰ ਮਥੁਰਾ (ਉੱਤਰ ਪ੍ਰਦੇਸ਼) ਵਿਖੇ ਪਹੁੰਚਿਆ। ਇਹ ਸਥਾਨ ਛੇਵੀਂ ਸਦੀ ਤੋਂ ਧਾਰਮਿਕ ਮਹੱਤਵ ਰੱਖਦਾ ਹੈ ਜਿਸ ਵਿੱਚ ਸ੍ਰੀ ਕੇਸ਼ਵਦੇਵ ਮੰਦਰ, ਗਰਭ ਗ੍ਰਹਿ ਮੰਦਰ ਅਤੇ ਭਾਗਵਤ ਭਵਨ ਸ਼ਾਮਿਲ ਹਨ। ਇਸ ਜਗ੍ਹਾ ਉਹ ਜੇਲ੍ਹ ਸਥਿਤ ਹੈ ਜਿੱਥੇ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ। ਇੱਥੇ ਪਹੁੰਚ ਕੇ ਅਨੋਖੀ ਅਧਿਆਤਮਕ ਅਨੁਭੂਤੀ ਹੁੰਦੀ ਹੈ। ਵਿਦਿਆਰਥੀਆਂ ਸਮੇਤ ਅਸੀਂ ਮੱਥਾ ਟੇਕ ਕੇ ਪਰਿਸਰ ਦਾ ਪੂਰਾ ਦ੍ਰਿਸ਼ ਵੇਖਿਆ। ਬ੍ਰਿਜਵਾਸੀਆਂ ਦੇ ਭਜਨ ਸੁਣੇ।
ਪ੍ਰਾਚੀਨ ਇਤਿਹਾਸ ਤੋਂ ਆਧੁਨਿਕ ਕਾਲ ਤੱਕ: ਹਿੰਦੂ ਪਰੰਪਰਾ ਅਨੁਸਾਰ ਦੇਵਕੀ ਅਤੇ ਵਾਸੂਦੇਵ ਦੇ ਪੁੱਤਰ ਸ੍ਰੀ ਕ੍ਰਿਸ਼ਨ ਦਾ ਜਨਮ ਕੈਦਖਾਨੇ ਦੀ ਕੋਠੜੀ ਵਿੱਚ ਹੋਇਆ ਜੋ ਮਥੁਰਾ ਵਿਖੇ ਸਥਿਤ ਹੈ। ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਮਥੁਰਾ ਦੀ ਭੂਮੀ ਅਨੇਕਾਂ ਪ੍ਰਕਾਰ ਦੀਆਂ ਯਾਦਾਂ ਸੰਭਾਲੀ ਬੈਠੀ ਹੈ। ਮਥੁਰਾ ਦੀ ਦੇਵ ਭੂਮੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗਰ ਵੱਲ ਵਧੇ। ਜਨਮ ਭੂਮੀ ਮੰਦਿਰ ਦੇ ਦਰਸ਼ਨਾਂ ਤੋਂ ਬਾਅਦ ਅਸੀਂ ਖਿਚੜੀ ਦਾ ਸੁਆਦਲਾ ਲੰਗਰ ਛਕਿਆ। ਬਾਜ਼ਾਰ ਵਿੱਚ ਮਿਲਦੀ ਮਥੁਰਾ ਦੀ ਕਚੌਰੀ ਅਤੇ ਕੁੱਲੜ ਚਾਹ ਪ੍ਰਸਿੱਧ ਹੈ। ਇਸ ਤੋਂ ਬਾਅਦ ਅਸੀਂ ਵਰਿੰਦਾਵਨ ਧਾਮ ਵੱਲ ਚੱਲ ਪਏ।
ਸਰੋਤਮੁਨੀ ਨਿਵਾਸ ਗਾਂਧੀ ਮਾਰਗ: ਮਥੁਰਾ ਤੋਂ ਸਾਡਾ ਕਾਫ਼ਲਾ ਸਰੋਤ ਮੁਨੀ ਆਸ਼ਰਮ ਵਰਿੰਦਾਵਨ ਵੱਲ ਵਧਿਆ। ਬੱਸ ਅੱਡੇ ਦੀ ਮਾਇਆਵਤੀ ਪਾਰਕਿੰਗ ਵਿੱਚ ਬੱਸ ਖੜ੍ਹਾ ਕੇ ਈ-ਰਿਕਸ਼ਾ ਰਾਹੀਂ ਅਸੀਂ ਸਰੋਤ ਮੁਨੀ ਨਿਵਾਸ ਆਸ਼ਰਮ ਵਿਖੇ ਪਹੁੰਚੇ।
ਵਰਿੰਦਾਵਨ ਧਾਮ: ਵਰਿੰਦਾਵਨ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਹੈ। ਇਸ ਸਥਾਨ ਦੀ ਮਹਿਮਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਸਦਕਾ ਹੈ। ਉਨ੍ਹਾਂ ਦੀਆਂ ਬਾਲ ਲੀਲਾਵਾਂ ਇਸ ਸਥਾਨ ਦੇ ਕਣ ਕਣ ਵਿੱਚ ਵਸੀਆਂ ਜਾਪਦੀਆਂ ਹਨ। ਇੱਥੇ ਸ੍ਰੀ ਕ੍ਰਿਸ਼ਨ ਰਾਧਾ ਰਾਣੀ ਜੀ ਦੇ ਅਨੇਕ ਮੰਦਿਰ ਹਨ। ਬਾਂਕੇ ਬਿਹਾਰੀ, ਸ੍ਰੀ ਗਰੁੜ ਗੋਬਿੰਦ ਮੰਦਿਰ ਬਹੁਤ ਪ੍ਰਾਚੀਨ ਹਨ। ਇਸ ਤੋਂ ਇਲਾਵਾ ਸ੍ਰੀ ਰਾਧਾ ਦਾਮੋਦਰ, ਰਾਧਾ ਸ਼ਿਆਮ ਸੁੰਦਰ, ਗੋਪੀ ਨਾਥ, ਗੋਕੁਲ, ਪ੍ਰੇਮ ਮੰਦਿਰ ਆਦਿ ਅਨੇਕਾਂ ਮੰਦਿਰ ਰਾਧਾ ਕ੍ਰਿਸ਼ਨ ਜੀ ਦੇ ਭਗਤੀ ਪ੍ਰੇਮ ਦਾ ਗੁਣਗਾਣ ਕਰ ਰਹੇ ਹਨ। ਨਿਧੀਵਨ, ਸ੍ਰੀ ਰਾਮਬਾਗ ਮੰਦਿਰ ਵੀ ਮਹੱਤਵਪੂਰਨ ਸਥਾਨ ਹਨ। ਹਰਿਵੰਸ਼ ਪੁਰਾਣ, ਸ੍ਰੀਮਦ ਭਾਗਵਤ, ਵਿਸ਼ਨੂੰ ਪੁਰਾਣ ਆਦਿ ਵਿੱਚ ਵੀ ਵਰਿੰਦਾਵਨ ਦੀ ਮਹਿਮਾ ਦਾ ਵਰਣਨ ਹੈ।
ਪ੍ਰੇਮ ਮੰਦਿਰ: ਵਿਦਿਆਰਥੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਪ੍ਰੇਮ ਮੰਦਿਰ ਰਿਹਾ। ਫੁਹਾਰਾ ਸੰਗੀਤ ਅਤੇ ਵੱਖ ਵੱਖ ਝਾਕੀਆਂ ਕਿਸੇ ਅਲੌਕਿਕ ਦ੍ਰਿਸ਼ ਤੋਂ ਘੱਟ ਨਹੀਂ ਸਨ। 55 ਏਕੜ ਵਿੱਚ ਫੈਲੇ ਇਸ ਮੰਦਿਰ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਦੀ ਲੀਲਾ ਦੇ ਅਨੇਕਾਂ ਰੂਪ ਵੇਖੇ ਜਾ ਸਕਦੇ ਹਨ। ਸੰਗਤਰਾਸ਼ੀ ਰਾਹੀਂ ਭਾਰਤੀ ਸ਼ਿਲਪਕਾਰੀ ਦਾ ਅਦਭੁੱਤ ਨਮੂਨਾ ਪੇਸ਼ ਕੀਤਾ ਗਿਆ ਹੈ। ਇਟਾਲੀਅਨ ਕਰਾਰਾ ਸੰਗਮਰਮਰ ਸ਼ਿਲਪ ਕਲਾ ਦਾ ਅਦਭੁੱਤ ਨਮੂਨਾ ਹੈ। ਸੰਗੀਤ ਫੁਹਾਰਾ ਮਧੁਰ ਬਾਣੀ ਸੁਣਾਉਂਦਾ ਹੈ। ਸ੍ਰੀ ਕ੍ਰਿਸ਼ਨ ਤੇ ਰਾਧਾ ਜੀ ਦੇ ਭਜਨ ਪਾਣੀ ਦੀ ਤਰੰਗ ਰਾਹੀਂ ਮੁਗਧ ਕਰਦੇ ਹਨ। ਇਹ ਮੰਦਿਰ ਪ੍ਰਾਚੀਨ ਭਾਰਤੀ ਸ਼ਿਲਪ ਕਲਾ ਦਾ ਨਮੂਨਾ ਹੈ।
ਇਸਕੌਨ ਮੰਦਿਰ: ਇਸਕੌਨ ਮੰਦਿਰ ਨੂੰ ਕ੍ਰਿਸ਼ਨ ਬਲਰਾਮ ਮੰਦਿਰ ਵੀ ਕਿਹਾ ਜਾਂਦਾ ਹੈ। ਇਹ ਅੰਗਰੇਜਾਂ ਦਾ ਮੰਦਿਰ ਹੈ। ISKCON (International Society for Krishna Consciousness) ਦੀ ਸਥਾਪਨਾ ਸੁਆਮੀ ਪ੍ਰਭੂਪਾਦ ਜੀ ਨੇ ਕੀਤੀ। ਸ਼ਾਮ ਸਮੇਂ ਅੰਗਰੇਜ਼ਾਂ ਦੁਆਰਾ ਗਾਏ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਮਨ ਨੂੰ ਮੰਤਰ ਮੁਗਧ ਕਰਦੇ ਹਨ, ਪੈਰ ਆਪਣੇ ਆਪ ਝੂੰਮਣ ਲੱਗਦੇ ਹਨ।
ਬਾਂਕੇ ਬਿਹਾਰੀ ਮੰਦਿਰ: ਸ੍ਰੀ ਹਰੀਦਾਸ ਸੁਆਮੀ ਉਦਾਸੀਨ ਵੈਸ਼ਨਵ ਸਨ। ਦੰਦਕਥਾ ਮੁਤਾਬਿਕ ਉਨ੍ਹਾਂ ਦੇ ਭਜਨ ਕੀਰਤਨ ਤੋਂ ਖ਼ੁਸ਼ ਹੋ ਕੇ ਬਾਂਕੇ ਬਿਹਾਰੀ ਜੀ ਦਰਸ਼ਨ ਦੇਣ ਲਈ ਪ੍ਰਗਟ ਹੋਏ। ਸ੍ਰੀ ਹਰੀਦਾਸ ਸੁਆਮੀ ’ਤੇ ਸ੍ਰੀ ਕ੍ਰਿਸ਼ਨ ਦੀ ਅਪਾਰ ਕ੍ਰਿਪਾ ਸੀ। ਸ੍ਰੀ ਕ੍ਰਿਸ਼ਨ ਰਾਧਾ ਜੀ ਦੇ ਸੰਯੁਕਤ ਸਰੂਪ ਦਾ ਪਹਿਲਾ ਨਿਧੀਵਣ ਬਾਅਦ ਵਿੱਚ ਬਾਂਕੇ ਬਿਹਾਰੀ ਮੰਦਿਰ ਵਿੱਚ ਸਥਾਪਿਤ ਕੀਤਾ ਗਿਆ।
ਨਿਧੀਵਣ: ਇਸ ਨੂੰ ਤੁਲਸੀ ਵਣ ਵੀ ਕਿਹਾ ਜਾਂਦਾ ਹੈ। ਮਾਨਤਾ ਅਨੁਸਾਰ ਸ੍ਰੀ ਰਾਧਾ ਰਾਣੀ ਅਤੇ ਸ੍ਰੀ ਕ੍ਰਿਸ਼ਨ, ਗੋਪੀਆਂ, ਸਖੀਆਂ ਦੀਆਂ ਲੀਲਾਵਾਂ ਨੂੰ ਸਮਰਪਿਤ ਇਹ ਸਥਾਨ ਪ੍ਰਮੁੱਖ ਹੈ। ਰਾਤ ਸਮੇਂ ਰਾਧਾ ਕ੍ਰਿਸ਼ਨ ਜੀ ਦਾ ਨਾਚ ਅਤੇ ਲੀਲਾਵਾਂ ਹੋਣ ਕਾਰਨ ਕੋਈ ਰਾਤ ਨੂੰ ਪਰਿਸਰ ਵਿੱਚ ਨਹੀਂ ਰੁਕ ਸਕਦਾ। ਪਰਿਸਰ ਵਿੱਚ ਤੁਲਸੀ ਦੇ ਪੌਦੇ ਜੋੜੀਆਂ ਦੇ ਰੂਪ ਵਿੱਚ ਹਨ। ਮੰਨਿਆ ਜਾਂਦਾ ਹੈ ਕਿ ਰੰਗ ਮਹਿਲ ਮੰਦਿਰ ਵਿਖੇ ਸ੍ਰੀ ਕ੍ਰਿਸ਼ਨ ਰਾਧਾ ਜੀ ਰਾਤ ਰੁਕਦੇ ਹਨ। ਇਸ ਦੇ ਨਾਲ ਹੀ ਬੰਸੀ ਚੋਰ ਮੰਦਿਰ, ਸੁਆਮੀ ਹਰੀਦਾਸ ਸਥਾਨ ਅਤੇ ਲਲਿਤ ਕੁੰਡ ਵੀ ਵਿਸ਼ੇਸ਼ ਹਨ।
ਮਥੁਰਾ ਵਰਿੰਦਾਵਨ ਦੀ ਗਲੀ ਗਲੀ, ਕਣ ਕਣ ਵਿੱਚ ਰਾਧਾ ਕ੍ਰਿਸ਼ਨ ਵਸੇ ਹੋਏ ਹਨ। ਸਾਡੀ ਇਹ ਯਾਤਰਾ ਅਧਿਆਤਮਕਿਤਾ ਅਤੇ ਰੁਮਾਂਚ ਨਾਲ ਭਰਪੂਰ ਸੀ। ਵਿਦਿਆਰਥੀਆਂ ਨੇ ਧਰਮ ਦਰਸ਼ਨ ਅਤੇ ਸੱਭਿਆਚਾਰ ਦੇ ਨਾਲ ਨਾਲ ਉੱਤਰ ਭਾਰਤ ਦੇ ਵੱਡੀ ਆਸਥਾ ਦੇ ਕੇਂਦਰ ਦੇ ਦਰਸ਼ਨ ਕੀਤੇ।
ਸੰਪਰਕ: 78883-46465