ਅੰਜੂਮਨ-ਏ-ਫਰੋਗ-ਏ-ਅਦਬ ਨੇ ਵਿਸ਼ਵ ਉਰਦੂ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਨਵੰਬਰ
ਸਾਹਿਤਕ ਸੰਸਥਾ ਅੰਜੂਮਨ-ਏ-ਫ਼ਰੋਗ-ਏ-ਅਦਬ ਮਾਲੇਰਕੋਟਲਾ ਨੇ ਉਰਦੂ ਦੇ ਮਸ਼ਹੂਰ ਕਵੀ ਡਾ. ਅੱਲਾਮਾ ਇਕਬਾਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਵ ਉਰਦੂ ਦਿਵਸ ਮਨਾਇਆ ਜਿਸ ’ਚ ਸ਼ਹਿਰ ਦੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਡਾ. ਅੱਲਾਮਾ ਇਕਬਾਲ ਦਾ ਕਲਾਮ ਪੇਸ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਉਰਦੂ ਦੇ ਮਸ਼ਹੂਰ ਸ਼੍ਰੋਮਣੀ ਸਾਹਿਤਕਾਰ ਮੁਹੰਮਦ ਬਸ਼ੀਰ ਮਾਲੇਰਕੋਟਲਵੀ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਸਤਾਦ ਸ਼ਾਇਰ ਅਨਵਾਰ ਆਜ਼ਰ, ਪ੍ਰਿੰਸੀਪਲ ਰਿਹਾਨਾ ਨਕਵੀ ਅਤੇ ਸੰਗਰੂਰ ਤੋਂ ਲੈਕਚਰਾਰ ਕੁਲਵੰਤ ਸਿੰਘ ਕਸਕ ਨੇ ਸ਼ਿਰਕਤ ਕੀਤੀ।
ਸੰਗਰੂਰ ਤੋਂ ਹੀ ਦਲਬਾਰ ਸਿੰਘ, ਪ੍ਰਧਾਨ, ਮਾਲਵਾ ਲੋਕ-ਧਾਰਾ ਐਸੋਸੀਏਸ਼ਨ ਪੰਜਾਬ, ਜੰਗ ਸਿੰਘ ਫੱਟੜ ਫਾਊਂਡਰ ਕਵਿਤਾ ਸਕੂਲ ਸ਼ੇਰਪੁਰ, ਬਲਰਾਜ ਬਾਜ਼ੀ ਤੇ ਜਗਦੀਸ਼ ਚੰਦਰ ਪਹੁੰਚੇ। ਉਪਰੋਕਤ ਤੋਂ ਇਲਾਵਾ ਰਮਜ਼ਾਨ ਸਈਦ, ਸਾਬਰ ਅਲੀ ਜ਼ੁਬੈਰੀ, ਜ਼ਹੂਰ ਅਹਿਮਦ ਜ਼ਹੂਰ, ਡਾ.ਅਨਵਾਰ ਅਹਿਮਦ ਅਨਸਾਰੀ, ਮੁਕੱਰਮ ਸੈਫੀ, ਜ਼ਮੀਰ ਅਲੀ ਜ਼ਮੀਰ, ਅੰਜ਼ੁਮ ਕਾਦਰੀ, ਇਕਬਾਲ ਰਾਵਤ, ਤਾਜ਼ੀਮ ਖ਼ਾਨ, ਮਾਸਟਰ ਅਲੀ ਜ਼ਮੀਰ, ਸਾਜਿਦ ਇਸ਼ਹਾਕ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਡਾ. ਸਲੀਮ ਜ਼ੁਬੈਰੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕਾਸ਼ਿਫ ਜਾਗੀਰਦਾਰ ਨੇ ਕੀਤਾ।