ਪਾਕਿਸਤਾਨ ਗਈ ਅੰਜੂ ਬਣੀ ਫਾਤਿਮਾ, ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ
ਪਿਸ਼ਾਵਰ, 25 ਜੁਲਾਈ
ਵਿਆਹੁਤਾ ਭਾਰਤੀ ਔਰਤ ਅੰਜੂ, ਜੋ ਕਿ ਕਾਨੂੰਨੀ ਢੰਗ ਨਾਲ ਪਾਕਿਸਤਾਨ ਗਈ ਸੀ, ਨੇ ਅੱਜ ਉੱਥੇ ਆਪਣੇ ਫੇਸਬੁੱਕ ਦੋਸਤ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਹੈ। ਅੰਜੂ ਦੇ ਦੋ ਬੱਚੇ ਭਾਰਤ ਵਿਚ ਹਨ ਤੇ ਵਿਆਹ ਕਰਾਉਣ ਤੋਂ ਪਹਿਲਾਂ ਉਸ ਨੇ ਇਸਲਾਮ ਕਬੂਲ ਕੀਤਾ ਹੈ। ਇਸਲਾਮ ਕਬੂਲ ਕਰਨ ਤੋਂ ਬਾਅਦ ਉਹ ਅੰਜੂ ਤੋਂ ਫਾਤਿਮਾ ਹੋ ਗਈ ਹੈ। ਅੰਜੂ (34) ਆਪਣੇ 29 ਸਾਲਾ ਪਾਕਿਸਤਾਨੀ ਦੋਸਤ ਨਸਰੁੱਲ੍ਹਾ ਦੇ ਘਰ ਰਹਿ ਰਹੀ ਹੈ। ਉਹ ਸੰਨ 2019 ਵਿਚ ਫੇਸਬੁੱਕ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ। ਅੱਪਰ ਦੀਰ ਜ਼ਿਲ੍ਹੇ ਦੀ ਪੁਲੀਸ ਨੇ ਦੱਸਿਆ ਕਿ ਨਸਰੁੱਲ੍ਹਾ ਤੇ ਅੰਜੂ ਦਾ ਨਿਕਾਹ ਅੱਜ ਉਸ ਵੱਲੋਂ ਇਸਲਾਮ ਕਬੂਲਣ ਤੋਂ ਬਾਅਦ ਸਿਰੇ ਚੜ੍ਹ ਗਿਆ ਹੈ। ਦੋਵੇਂ ਅੱਜ ਨਸਰੁੱਲ੍ਹਾ ਦੇ ਪਰਿਵਾਰਕ ਮੈਂਬਰਾਂ ਨਾਲ ਦੀਰ ਬਾਲਾ ਦੀ ਜ਼ਿਲ੍ਹਾ ਅਦਾਲਤ ਗਏ। ਮਲਕੰਦ ਡਿਵੀਜ਼ਨ ਦੇ ਡੀਆਈਜੀ ਨਸੀਰ ਮਹਿਮੂਦ ਸੱਤੀ ਨੇ ਨਿਕਾਹ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਨੂੰ ਕੋਰਟ ਤੋਂ ਪੁਲੀਸ ਸੁਰੱਖਿਆ ਹੇਠ ਘਰ ਲਿਆਂਦਾ ਗਿਆ। ਇਸ ਤੋਂ ਪਹਿਲਾਂ ਨਸਰੁੱਲ੍ਹਾ ਤੇ ਅੰਜੂ ਸਖ਼ਤ ਸੁਰੱਖਿਆ ਹੇਠ ਸੈਰ-ਸਪਾਟੇ ਲਈ ਬਾਹਰ ਗਏ ਸਨ। ਉਨ੍ਹਾਂ ਦੀਰ ਅੱਪਰ ਜ਼ਿਲ੍ਹੇ ਨੂੰ ਚਿਤਰਾਲ ਨਾਲ ਜੋੜਦੀ ਲਵਾਰੀ ਸੁਰੰਗ ਦੇਖੀ। ਅੰਜੂ ਯੂਪੀ ਦੇ ਪਿੰਡ ਦੀ ਜੰਮਪਲ ਹੈ ਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਰਹੀ ਸੀ। ਇਕ ਵੀਡੀਓ ਸਾਂਝੀ ਕਰਦਿਆਂ ਉਸ ਨੇ ਕਿਹਾ, ‘ਮੈਂ ਪਾਕਿਸਤਾਨ ਵਿਚ ਸੁਰੱਖਿਅਤ ਮਹਿਸੂਸ ਕਰਦੀ ਹਾਂ। ਕਾਨੂੰਨੀ ਢੰਗ ਤੇ ਪੂਰੀ ਯੋਜਨਾਬੰਦੀ ਨਾਲ ਇੱਥੇ ਆਈ ਹਾਂ, ਅਜਿਹਾ ਨਹੀਂ ਹੈ ਕਿ ਮੈਂ ਦੋ ਦਨਿਾਂ ਵਿਚ ਅਚਾਨਕ ਇੱਥੇ ਆ ਗਈ। ਮੈਂ ਸਾਰੇ ਮੀਡੀਆ ਕਰਮੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਨਾ ਕਰਨ।’ ਅੰਜੂ ਦਾ ਵਿਆਹ ਪਹਿਲਾਂ ਅਰਵਿੰਦ ਨਾਲ ਹੋਇਆ ਸੀ, ਜੋ ਕਿ ਰਾਜਸਥਾਨ ਵਿਚ ਹੈ। ਉਨ੍ਹਾਂ ਦੀ ਇਕ 15 ਸਾਲ ਦੀ ਧੀ ਤੇ ਛੇ ਸਾਲ ਦਾ ਪੁੱਤਰ ਹੈ। ਦੱਸਣਯੋਗ ਹੈ ਕਿ ਅੰਜੂ ਅਟਾਰੀ-ਵਾਹਗਾ ਸਰਹੱਦ ਰਾਹੀਂ ਕਾਨੂੰਨੀ ਢੰਗ ਨਾਲ ਪਾਕਿਸਤਾਨ ’ਚ ਦਾਖਲ ਹੋਈ ਸੀ। ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਪੱਤਰ ਵਿਚ ਕਿਹਾ ਗਿਆ ਸੀ ਕਿ ਅੰਜੂ ਨੂੰ ਸਿਰਫ਼ ਅੱਪਰ ਦੀਰ ਲਈ 30 ਦਨਿਾਂ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਨਸਰਉੱਲ੍ਹਾ ਯੂਨੀਵਰਸਿਟੀ ਤੋਂ ਸਾਇੰਸ ਗ੍ਰੈਜੂਏਟ ਹੈ। ਉਸ ਨੇ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਹਲਫਨਾਮੇ ਵਿਚ ਕਿਹਾ ਹੈ ਕਿ ਅੰਜੂ 20 ਅਗਸਤ ਨੂੰ ਭਾਰਤ ਪਰਤ ਜਾਵੇਗੀ। -ਪੀਟੀਆਈ
ਪਤੀ ਨੂੰ ਜੈਪੁਰ ਜਾਣ ਬਾਰੇ ਕਹਿ ਕੇ ਘਰੋਂ ਨਿਕਲੀ ਸੀ ਅੰਜੂ
ਅੰਜੂ ਦੇ ਪਤੀ ਅਰਵਿੰਦ ਨੇ ਭਿਵਾੜੀ, ਰਾਜਸਥਾਨ ਵਿਚ ਮੀਡੀਆ ਨੂੰ ਦੱਸਿਆ ਕਿ ਉਹ ਵੀਰਵਾਰ ਜੈਪੁਰ ਜਾਣ ਬਾਰੇ ਕਹਿ ਕੇ ਘਰੋਂ ਗਈ ਸੀ, ਪਰ ਮਗਰੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਵਿਚ ਹੈ। ਉਸ ਨੇ ਆਸ ਜਤਾਈ ਕਿ ਉਹ ਪਰਤ ਆਵੇਗੀ। ਜ਼ਿਕਰਯੋਗ ਹੈ ਕਿ ਅੰਜੂ ਨਾਲ ਜੁੜੀ ਇਹ ਘਟਨਾ ਸੀਮਾ ਗੁਲਾਮ ਹੈਦਰ ਦੇ ਕੇਸ ਨਾਲ ਮੇਲ ਖਾਂਦੀ ਹੈ। ਚਾਰ ਬੱਚਿਆ ਦੀ ਮਾਂ ਪਾਕਿਸਤਾਨੀ ਨਾਗਰਿਕ ਸੀਮਾ (30) ਹਾਲ ਹੀ ਵਿਚ, ਭਾਰਤ ਦੇ ਨਾਗਰਿਕ ਸਚਨਿ ਮੀਣਾ (22) ਨੂੰ ਮਿਲਣ ਲਈ ਲੁਕਵੇਂ ਢੰਗ ਨਾਲ ਦਿੱਲੀ ਨੇੜੇ ਨੋਇਡਾ ਪਹੁੰਚ ਗਈ ਸੀ। ਉਹ ਦੋਵੇਂ ਇਕ-ਦੂਜੇ ਨੂੰ 2019 ਵਿਚ ‘ਪਬਜੀ’ ਖੇਡਦੇ ਆਨਲਾਈਨ ਮਿਲੇ ਸਨ।