ਸੰਸਦ ਵਿੱਚ ਦਿਖਾਈ ਜਾਵੇਗੀ ਐਨੀਮੇਟਿਡ ਫ਼ਿਲਮ ‘ਰਾਮਾਇਣ: ਦਿ ਲੀਜੈਂਡ ਆਫ਼ ਪ੍ਰਿੰਸ ਰਾਮ’
ਮੁੰਬਈ: ਫਿਲਮ ਡਿਸਟ੍ਰੀਬਿਊਸ਼ਨ ਕੰਪਨੀ ਗੀਕ ਪਿੱਕਚਰਜ਼ ਨੇ ਐਤਵਾਰ ਨੂੰ ਖ਼ੁਲਾਸਾ ਕੀਤਾ ਕਿ ਸਾਲ 1993 ਵਿੱਚ ਰਿਲੀਜ਼ ਹੋਈ ਭਾਰਤੀ ਤੇ ਜਾਪਾਨੀ ਐਨੀਮੇਸ਼ਨ ਫਿਲਮ ‘ਰਾਮਾਇਣ: ਦਿ ਲੀਜੈਂਡ ਆਫ਼ ਪ੍ਰਿੰਸ ਰਾਮ’ ਦੀ 15 ਫਰਵਰੀ ਨੂੰ ਸੰਸਦ ਵਿੱਚ ਵਿਸ਼ੇਸ਼ ਸਕਰੀਨਿੰਗ ਹੋਵੇਗੀ। ਜਾਣਕਾਰੀ ਅਨੁਸਾਰ ਇਸ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ ਵੀ ਹਾਜ਼ਰ ਰਹਿਣਗੇ। ਇਸ ਦੌਰਾਨ ਸੰਸਦ ਮੈਂਬਰਾਂ ਤੋਂ ਇਲਾਵਾ ਕਲਾ ਦੇ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਗੀਕ ਪਿੱਕਚਰਜ਼ ਦੇ ਕੋ-ਫਾਊਂਡਰ ਅਰਜੁਨ ਅਗਰਵਾਲ ਨੇ ਦੱਸਿਆ ਕਿ ਸੰਸਦ ਵੱਲੋਂ ਮਿਲੇ ਹੁੰਗਾਰੇ ਤੋਂ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਨੂੰ ਇੰਨੇ ਵੱਡੇ ਪੱਧਰ ’ਤੇ ਮਾਣ ਮਿਲਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਫਿਲਮ ਦੀ ਸਾਧਾਰਨ ਸਕਰੀਨਿੰਗ ਹੀ ਨਹੀਂ ਹੋਵੇਗੀ ਬਲਕਿ ਇਹ ਸਾਡੀ ਵਿਰਾਸਤ ਅਤੇ ਸੱਭਿਆਚਾਰ ਵਿੱਚ ਰਾਮਾਇਣ ਦੇ ਮਹੱਤਵ ਨੂੰ ਬਿਆਨ ਕਰੇਗੀ ਜੋ ਸਾਡੇ ਲਈ ਰਾਹ ਦਸੇਰਾ ਹੈ। ਇਸ ਫਿਲਮ ਨੂੰ ਭਾਰਤ ਵਿੱਚ ਅੰਗਰੇਜ਼ੀ ਸਣੇ ਹੁਣ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਡੱਬ ਕੀਤਾ ਗਿਆ ਹੈ। ਇਸ ਫਿਲਮ ਨੂੰ 24 ਜਨਵਰੀ ਨੂੰ 4ਕੇ ਫਾਰਮੈਟ ਵਿੱਚ ਰਿਲੀਜ਼ ਕੀਤਾ ਗਿਆ। ਏਏ ਫਿਲਮਜ਼ ਅਤੇ ਐਕਸਲ ਐਂਟਰਟੇਨਮੈਂਟ ਵੱਲੋਂ ਇਸ ਫਿਲਮ ਨੂੰ 18 ਅਕਤੂਬਰ 2024 ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਵੱਧ ਤੋਂ ਵੱਧ ਸਿਨੇਮਾ ਘਰਾਂ ਵਿੱਚ ਇਸ ਦੀ ਪਹੁੰਚ ਯਕੀਨੀ ਬਣਾਉਣ ਲਈ ਇਸ ਦੀ ਰਿਲੀਜ਼ ਨੂੰ ਉਦੋਂ ਟਾਲ ਦਿੱਤਾ ਗਿਆ ਸੀ। ‘ਰਾਮਾਇਣ: ਦਿ ਲੀਜੈਂਡ ਆਫ਼ ਪ੍ਰਿੰਸ ਰਾਮ’ ਦਾ ਨਿਰਦੇਸ਼ਨ ਕੋਇਚੀ ਸਾਸਾਕੀ, ਰਾਮ ਮੋਹਨ ਅਤੇ ਯੁਗੋ ਸਾਕੋ ਨੇ ਕੀਤਾ ਸੀ। ਇਸ ਤੋਂ ਪਹਿਲਾਂ ਹਿੰਦੀ ’ਚ ਰਿਲੀਜ਼ ਹੋਈ ਫਿਲਮ ਵਿੱਚ ‘ਰਾਮਾਇਣ’ ਦੇ ਨਾਇਕ ਅਰੁਣ ਗੋਵਿਲ ਨੇ ਰਾਮ ਦੇ ਕਿਰਦਾਰ ਨੂੰ ਆਵਾਜ਼ ਦਿੱਤੀ ਸੀ, ਨਮਰਤਾ ਨੇ ਸੀਤਾ ਅਤੇ ਅਮਰੀਸ਼ ਪੁਰੀ ਨੇ ਰਾਵਣ ਦੇ ਕਿਰਦਾਰ ਨੂੰ ਆਵਾਜ਼ ਦਿੱਤੀ ਸੀ। ਇਸ ਫਿਲਮ ਦੀ ਸਕਰੀਨਿੰਗ ਪਹਿਲਾਂ 24ਵੇਂ ਕੌਮਾਂਤਰੀ ਫਿਲਮ ਫੈਸਟੀਵਲ ਆਫ਼ ਇੰਡੀਆ’ ਵਿੱਚ 1993 ਵਿੱਚ ਕੀਤੀ ਗਈ ਸੀ, ਪਰ ਇਹ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਸੀ ਹੋਈ। -ਪੀਟੀਆਈ