For the best experience, open
https://m.punjabitribuneonline.com
on your mobile browser.
Advertisement

ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ

08:59 AM Sep 11, 2023 IST
ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ
Advertisement

ਡਾ. ਹਰਪ੍ਰੀਤ ਸਿੰਘ ਹੀਰੋ

Advertisement

ਮੇਲਿਆਂ ਦੇ ਸਰੂਪ ਬਦਲ ਗਏ ਹਨ, ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ ਪਰ ਮੇਲੇ ਅਜੇ ਵੀ ਲੱਗਦੇ ਹਨ। ਮੇਲਿਆਂ ਵਿੱਚ ਨਵਾਂ ਰੂਪ ਜੁੜ ਗਿਆ ਹੈ ਜਿਨ੍ਹਾਂ ਵਿਚੋਂ ਇਕ ਰੂਪ ਹੈ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ। ਮੇਲਾ ਸ਼ਬਦ ਜਿੱਥੇ ਸਾਡੇ ਸਾਹਮਣੇ ਖ਼ੁਸ਼ੀ ਵਿਚ ਘੁੰਮਦੇ, ਮੇਲ-ਜੋਲ ਕਰਦੇ ਲੋਕਾਂ ਦੇ ਸਮੂਹ ਦਾ ਚਿੱਤਰ ਸਿਰਜਦਾ ਹੈ, ਉੱਥੇ ਕਈ ਝਾਕੀਆਂ, ਵਸਤਾਂ ਅਤੇ ਦ੍ਰਿਸ਼ ਵੀ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੇ ਹਨ। ਅੱਜ ਦੇ ਦੌਰ ਵਿੱਚ ਗਿਆਨ ਅਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲਿਆਂ ਵਿੱਚ ਹੀ ਹੈ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਕਰਵਾਇਆ ਜਾਣ ਵਾਲਾ ‘ਪਸ਼ੂ ਪਾਲਣ ਮੇਲਾ’। ਇਹ ਮੇਲਾ ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ਵਿਚ ਲਗਾਇਆ ਜਾਂਦਾ ਹੈ। ਸਾਲ 2006 ਵਿਚ ਬਣੀ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਨਾਲ ਸਬੰਧਤ ਹਰ ਕਾਰਜ ਨੂੰ ਬੜੇ ਵਿਉਂਤਬੱਧ ਤਰੀਕੇ ਰਾਹੀਂ ਪਸ਼ੂ ਪਾਲਕਾਂ ਨਾਲ ਸਾਂਝਾ ਕਰ ਰਹੀ ਹੈ।
ਸਤੰਬਰ ਮਹੀਨੇ ਦਾ ਮੇਲਾ 14 ਅਤੇ 15 ਤਰੀਕ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪਸ਼ੂ ਪਾਲਣ ਕਿੱਤਿਆਂ ਨਾਲ ਜੁੜੇ ਪਸ਼ੂ ਪਾਲਕਾਂ ਦੀ ਹਰ ਲੋੜ, ਸਮੱਸਿਆ ਅਤੇ ਜਗਿਆਸਾ ਨੂੰ ਪੂਰਾ ਕਰਨ ਲਈ ਭਿੰਨ-ਭਿੰਨ ਵਸਤਾਂ ਅਤੇ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਇਸ ਵਾਰ ਦੇ ਮੇਲੇ ਵਿਚ ਗਾਵਾਂ ਪਾਲਣ, ਮੁਰਗੀ ਪਾਲਣ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੇ ਖੇਤਰ ਵਿਚ ਜੇਤੂ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਇਨ੍ਹਾਂ ਇਨਾਮਾਂ ਵਿਚ ਨਗਦ ਰਕਮ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ।
ਯੂਨੀਵਰਸਿਟੀ ਦੇ ਵਧੀਆ ਪਸ਼ੂ ਜਿਨ੍ਹਾਂ ਵਿਚ ਮੱਝਾਂ, ਗਾਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖ਼ਰਗੋਸ਼ ਅਤੇ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਮੇਲੇ ਦਾ ਸ਼ਿੰਗਾਰ ਹੁੰਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਪਸ਼ੂ ਪਾਲਕਾਂ ਨੂੰ ਕਿਹੜੇ ਤਰੀਕੇ ਅਤੇ ਨਸਲ ਸੁਧਾਰ ਦੇ ਢੰਗ ਵਰਤਣੇ ਚਾਹੀਦੇ ਹਨ, ਉਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਪਸ਼ੂਆਂ ਦੇ ਬਿਹਤਰ ਖ਼ੁਰਾਕੀ ਪ੍ਰਬੰਧ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਬਣਾਉਣ ਲਈ ਪੂਰਨ ਸਮੱਗਰੀ ਦਾ ਵੇਰਵਾ ਦੱਸਿਆ ਜਾਂਦਾ ਹੈ। ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਕਿਹੜੀਆਂ ਖ਼ੁਰਾਕੀ ਵਸਤਾਂ ਦਾ ਉਪਯੋਗ ਲਾਹੇਵੰਦ ਹੁੰਦਾ ਹੈ, ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਕਾਲਜ, ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਫ਼ਿਸ਼ਰੀਜ਼ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਡਾਕਟਰ ਅਤੇ ਸਾਇੰਸਦਾਨ ਆਪੋ-ਆਪਣੇ ਵਿਭਾਗਾਂ ਦੀ ਨੁਮਾਇਸ਼ ਲਗਾਉਂਦੇ ਹਨ। ਇਸ ਨੁਮਾਇਸ਼ ਵਿੱਚ ਪਸ਼ੂਆਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਦੇ ਗੋਹੇ, ਥੁੱਕ, ਖੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਸ ਜਾਂਚ ਰਾਹੀਂ ਬਿਮਾਰੀ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਸਹੀ ਤੇ ਸਟੀਕ ਇਲਾਜ ਬਾਰੇ ਮਾਹਿਰ ਡਾਕਟਰ ਆਪ ਦਵਾਈ ਦੱਸਦੇ ਹਨ।
ਪਸ਼ੂ ਪਾਲਣ ਸਬੰਧੀ ਗਿਆਨ ਨੂੰ ਵਧਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ ਕਿਤਾਬਾਂ ਬੜੀ ਸੌਖੀ ਪੰਜਾਬੀ ਅਤੇ ਘੱਟ ਕੀਮਤ ’ਤੇ ਇਸ ਮੇਲੇ ਵਿਚ ਮਿਲ ਜਾਂਦੀਆਂ ਹਨ। ਯੂਨੀਵਰਸਿਟੀ ਵੱਲੋਂ ਛਾਪਿਆ ਜਾਂਦਾ ਮਹੀਨਾਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਪਸ਼ੂ ਪਾਲਕ ਇੱਥੋਂ ਖ਼ਰੀਦ ਸਕਦੇ ਹਨ ਜਿਸ ਵਿੱਚ ਹਰ ਮਹੀਨੇ ਕਾਫ਼ੀ ਨਵਾਂ ਗਿਆਨ ਸਾਂਝਾ ਕੀਤਾ ਜਾਂਦਾ ਹੈ। ਅਜਿਹਾ ਰਸਾਲਾ ਸਾਲਾਨਾ ਜਾਂ ਜੀਵਨ ਚੰਦੇ ’ਤੇ ਘਰ ਵੀ ਪਹੁੰਚਦਾ ਕੀਤਾ ਜਾਂਦਾ ਹੈ।
ਪਸ਼ੂਆਂ ਦੇ ਦੁੱਧ ਅਤੇ ਮੀਟ ਤੋਂ ਨਵੀਆਂ ਵਸਤਾਂ ਤਿਆਰ ਕਰ ਕੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣ ਸਬੰਧੀ ਸਿਖਲਾਈ ਦੀ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਇਹ ਵਸਤਾਂ ਸੁਆਦ ਵੇਖਣ ਅਤੇ ਖ਼ਰੀਦਣ ਵਾਸਤੇ ਵੀ ਉਪਲਬਧ ਹੁੰਦੀਆਂ ਹਨ। ਪਸ਼ੂ ਪਾਲਕ, ਪਸ਼ੂ ਪਾਲਣ ਦੇ ਕਿਸੇ ਵੀ ਕਿੱਤੇ ਸਬੰਧੀ ਸਿਖਲਾਈ ਲੈਣ ਲਈ ਮੇਲੇ ਵਿੱਚ ਬਿਨਾਂ ਕਿਸੇ ਖ਼ਰਚ ਤੋਂ ਆਪਣਾ ਨਾਂ ਵੀ ਦਰਜ ਕਰਵਾ ਸਕਦੇ ਹਨ। ਜੋ ਪਸ਼ੂ ਪਾਲਕ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ, ਉਨ੍ਹਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਵੀ ਬਣਾਈਆਂ ਹੋਈਆਂ ਹਨ। ਡੇਅਰੀ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀਆਂ ਪਾਲਣ ਵਾਲੇ ਪਸ਼ੂ ਪਾਲਕਾਂ ਦੀਆਂ ਜਥੇਬੰਦੀਆਂ ਲਈ ਕਿਸਾਨ ਆਪਣਾ ਨਾਂ ਲਿਖਾ ਸਕਦੇ ਹਨ ਅਤੇ ਉਨ੍ਹਾਂ ਦੀਆਂ ਮਹੀਨੇਵਾਰ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਪਸ਼ੂ ਪਾਲਕ ਆਪਸ ਵਿਚ ਵਿਚਾਰ-ਵਟਾਂਦਰਾ ਵੀ ਕਰਦੇ ਹਨ ਅਤੇ ਮਾਹਿਰ ਡਾਕਟਰ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਭਾਸ਼ਣ ਵੀ ਦਿੰਦੇ ਹਨ। ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਉਚੇਚੇ ਤੌਰ ’ਤੇ ਇੱਥੇ ਪਹੁੰਚਦੇ ਹਨ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਸਬੰਧੀ ਰੋਸ਼ਨੀ ਪਾਉਂਦੇ ਹਨ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾਵਾਂ ਸਬੰਧੀ ਇਕ ਸੁਆਲ-ਜੁਆਬ ਸੈਸ਼ਨ ਵੀ ਰੱਖਿਆ ਜਾਂਦਾ ਹੈ। ਇਸ ਵਿਚ ਪਸ਼ੂ ਪਾਲਕ ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦੇ ਹਨ। ਪਸ਼ੂਆਂ ਦੇ ਇਲਾਜ ਅਤੇ ਖ਼ੁਰਾਕ ਨਾਲ ਜੁੜੀਆਂ ਲਗਭਗ 60-70 ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਨੁਮਾਇਸ਼ ਵਿਚ ਪਸ਼ੂਆਂ ਦੇ ਫੀਡ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀ ਦਿੰਦੀਆਂ ਹਨ। ਇਹ ਦਵਾਈਆਂ ਅਤੇ ਉਤਪਾਦ ਇੱਥੇ ਪਸ਼ੂ ਪਾਲਕਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ ’ਤੇ ਅਤੇ ਇਕੋ ਥਾਂ ਤੋਂ ਪ੍ਰਾਪਤ ਹੋ ਜਾਂਦੇ ਹਨ।
ਪਸ਼ੂ ਪਾਲਣ ਮੇਲੇ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਹਰ ਉਮਰ ਵਰਗ ਦੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਰੁਚੀ ਸਬੰਧੀ ਕੁਝ ਨਾ ਕੁਝ ਜ਼ਰੂਰ ਪ੍ਰਦਾਨ ਕਰਦਾ ਹੈ। ਬੱਚਿਆਂ ਲਈ ਜਿੱਥੇ ਇਕ ਖੁੱਲ੍ਹਾ ਖ਼ੁਲਾਸਾ ਪੇਂਡੂ ਦਿੱਖ ਵਾਲਾ ਮਾਹੌਲ ਉਨ੍ਹਾਂ ਨੂੰ ਨਵਾਂ ਸੁਆਦ ਦਿੰਦਾ ਹੈ, ਉੱਥੇ ਸਿਹਤਮੰਦ ਤੇ ਸੁੰਦਰ ਜਾਨਵਰ ਵੀ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹਨ। ਕਈ ਬੱਚਿਆਂ ਦੀ ਪੜ੍ਹਾਈ ਦੇ ਕੋਰਸ ਵਿਚ ਪਸ਼ੂ ਪਾਲਣ ਵਿਸ਼ਾ ਪੜ੍ਹਾਇਆ ਜਾਂਦਾ ਹੈ। ਉਹ ਇੱਥੋਂ ਕਈ ਕਿਸਮ ਦੀ ਜਾਣਕਾਰੀ ਇਕੱਤਰ ਕਰ ਸਕਦੇ ਹਨ। ਘਰੇਲੂ ਸੁਆਣੀਆਂ ਕਈ ਤਰ੍ਹਾਂ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਸਬੰਧੀ ਗਿਆਨ ਹਾਸਲ ਕਰ ਸਕਦੀਆਂ ਹਨ। ਯੂਨੀਵਰਸਿਟੀ ਵੱਲੋਂ ਤਿਆਰ ਕਈ ਸ਼ਾਕਾਹਾਰੀ ਅਤੇ ਮਾਸਾਹਾਰੀ ਵਸਤਾਂ ਖ਼ਰੀਦ ਵਾਸਤੇ ਉਪਲਬਧ ਹੁੰਦੀਆਂ ਹਨ ਜਿਨ੍ਹਾਂ ਨੂੰ ਹਰ ਸੁਆਦ ਦੇ ਸ਼ੌਕੀਨ ਲੋਕ ਬੜੀ ਵਾਜ਼ਬ ਕੀਮਤ ’ਤੇ ਖ਼ਰੀਦ ਸਕਦੇ ਹਨ।
ਪਸ਼ੂ ਪਾਲਣ ਮੇਲੇ ਦਾ ਮੁੱਖ ਮੰਤਵ ਇਹੋ ਹੈ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਲੀਹਾਂ ’ਤੇ ਘੱਟ ਖ਼ਰਚ ਨਾਲ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਲੋਕ ਨਕਲੀ ਵਸਤਾਂ ਦੇ ਪ੍ਰਯੋਗ ਤੋਂ ਸਾਵਧਾਨ ਹੋਣ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਾਲੇ ਪਸ਼ੂਆਂ ਅਤੇ ਜਾਨਵਰਾਂ ਨੂੰ ਪੌਸ਼ਟਿਕ ਅਤੇ ਸ਼ੁੱਧ ਖ਼ੁਰਾਕ ਮਿਲ ਸਕੇ।
*ਐਸੋਸੀਏਟ ਪ੍ਰੋਫੈਸਰ, ਸੰਚਾਰ, ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ।
ਸੰਪਰਕ: 98159-09003

Advertisement

Advertisement
Author Image

Advertisement