ਪਸ਼ੂ ਪਾਲਕ ਮੂੰਹ-ਖੁਰ ਦੀ ਬਿਮਾਰੀ ਬਾਰੇ ਜਾਗਰੂਕ ਹੋਣ: ਖੁੱਡੀਆਂ
ਭਗਵਾਨ ਦਾਸ ਗਰਗ
ਨਥਾਣਾ, 21 ਅਕਤੂਬਰ
ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਆਰਥਿਕ ਲਾਭ ਲੈਣ ਲਈ ਸਹਾਇਕ ਧੰਦੇ ਵਜੋ ਪਸ਼ੂ ਧਨ ਦੀ ਸੰਭਾਲ ਦੀ ਵੱਡੀ ਜਰੂਰਤ ਹੈ। ਪੰਜਾਬ ਦੇ ਪਸ਼ੂ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਗੱਲ ਆਖੀ ਉਹ ਪਿੰਡ ਪੂਹਲਾ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਦੀ ਬੀਮਾਰੀ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਵਾਉਣ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਪੂਹਲਾ ਦੇ ਵੈਟਰਨਰੀ ਹਸਪਤਾਲ ਵਿੱਚ ਪਸੂਆਂ ਦੇ ਮੂੰਹ ਖੁਰ ਦੇ ਟੀਕੇ ਲਾਏ ਗਏ ਅਤੇ ਪਸੂ ਪਾਲਕਾਂ ਨੂੰ ਇਸ ਨਾਮੁਰਾਦ ਬੀਮਾਰੀ ਸਬੰਧੀ ਜਾਗਰੂਕ ਕੀਤਾ ਗਿਆ। ਸ੍ਰੀ ਖੁੱਡੀਆਂ ਨੇ ਕਿਹਾ ਕਿ ਕਈ ਵਾਰ ਪਸੂ ਪਾਲਕਾ ਮੂੰਹ ਖੁਰ ਦੀ ਬੀਮਾਰੀ ਸਬੰਧੀ ਵਧੇਰੇ ਸੁਚੇਤ ਨਹੀ ਹੁੰਦੇ ਅਤੇ ਉਹ ਆਪਣੇ ਦੁਧਾਰੂ ਪਸ਼ੂਆਂ ਨੂੰ ਟੀਕੇ ਆਦਿ ਲਗਵਾਉਣ ਦੀ ਲਾਪਰਵਾਹੀ ਕਰ ਜਾਂਦੇ ਹਨ। ਜਿਸ ਕਾਰਨ ਪਸੂ ਧਨ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਸੂਆਂ ਨੂੰ ਮੂੰਹ ਖੁਰ ਦੀ ਬੀਮਾਰੀ ਹੋਣ ਬਾਰੇ ਪਸੂ ਪਾਲਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਣ ਕਾਰਨ ਹੀ ਉਹ ਕਰੋੜਾਂ ਰੁਪਏ ਦਾਆਰਥਿਕ ਘਾਟਾ ਖਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੂੰਹ ਖੁਰ ਦੀ ਵੈਕਸੀਨ ਪਸੂਆਂ ਨੂੰ ਲਾਉਣ ਲਈ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਟੀਮਾਂ ਨੂੰ ਅਗਲੇ ਮਹੀਨੇ ਤੱਕ ਟੀਕਾਕਰਨ ਮੁਹਿੰਮ ਮੁਕੰਮਲ ਕਰਨ ਦੀ ਸਖ਼ਤ ਹਦਾਇਤ ਵੀ ਕੀਤੀ ਗਈ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਸੂਬੇ ਦੇ ਪਸੂ ਧਨ ਨੂੰ ਮੂੰਹ ਖੁਰ ਦੀ ਬੀਮਾਰੀ ਤੋ ਬਚਾਉਣ ਲਈ ਇਹ ਵੈਕਸੀਨ ਮੁਫ਼ਤ ਲਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸੌਕਤ ਅਹਿਮਦ ਪਰੇ, ਹਲਕਾ ਵਿਧਾਇਕ ਅਤੇ ਪੂਹਲਾ ਦੀ ਸਰਪੰਚ ਸੁਮਨਪ੍ਰੀਤ ਕੌਰ ਸਿੱਧੂ ਵੀ ਹਾਜ਼ਰ ਸਨ।