ਅੰਬਾਲਾ ਕੈਂਟ ਹਲਕੇ ਤੋਂ ਸੱਤਵੀਂ ਵਾਰ ਜਿੱਤੇ ਅਨਿਲ ਵਿੱਜ
ਰਤਨ ਸਿੰਘ ਢਿੱਲੋਂ
ਅੰਬਾਲਾ, 8 ਅਕਤੂਬਰ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵਿਧਾਨ ਸਭਾ ਹਲਕਾ ਅੰਬਾਲਾ ਕੈਂਟ ਤੋਂ ਸੱਤਵੀਂ ਵਾਰ ਜਿੱਤ ਹਾਸਲ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਹੈ ਜੋ ਦੇਸ਼ ਨੂੰ ਤੇਜ਼ੀ ਨਾਲ ਅੱਗੇ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਦਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਚਿਤਰਾ ਸਰਵਾਰਾ ਨਾਲ ਜ਼ਬਰਦਸਤ ਮੁਕਾਬਲਾ ਸੀ ਜੋ ਕਾਂਗਰਸ ਤੋਂ ਟਿਕਟ ਨਾ ਮਿਲਣ ਕਰਕੇ ਆਜ਼ਾਦ ਖੜ੍ਹੀ ਸੀ। ਪਹਿਲੇ ਰੁਝਾਨ ਵਿਚ ਚਿਤਰਾ ਅੱਗੇ ਚੱਲ ਰਹੀ ਸੀ ਪਰ ਬਾਅਦ ਵਿਚ ਵਿੱਜ ਨੇ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਇਸ ਹਲਕੇ ਵਿਚ ਕੁੱਲ ਪੋਲ ਹੋਈਆਂ 133403 ਵੋਟਾਂ ਵਿੱਚੋਂ ਅਨਿਲ ਵਿੱਜ ਨੂੰ 59858 ਅਤੇ ਚਿਤਰਾ ਸਰਵਾਰਾ ਨੂੰ 52581 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਉਮੀਦਵਾਰ ਪਰਵਿੰਦਰਪਾਲ ਪਰੀ 14469 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੇ। ਇਸ ਹਲਕੇ ਵਿਚ 80 ਵੋਟਾਂ ਰੱਦ ਹੋਈਆਂ ਤੇ 641 ਨੇ ਨੋਟਾ ਦਾ ਬਟਨ ਦਬਾਇਆ। ਚੋਣ ਕਮਿਸ਼ਨ ਵੱਲੋਂ ਅਨਿਲ ਵਿੱਜ ਨੂੰ ਜੇਤੂ ਐਲਾਨਣ ਤੋਂ ਬਾਅਦ ਸ੍ਰੀ ਵਿੱਜ ਨੇ ਰੋਡ ਸ਼ੋਅ ਕੱਢਿਆ।