ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਨਿਲ ਵਿੱਜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਪੇਸ਼

07:04 AM Sep 16, 2024 IST

ਰਤਨ ਸਿੰਘ ਢਿੱਲੋਂ
ਅੰਬਾਲਾ, 15 ਸਤੰਬਰ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਤੇ ਆਪਣੀ ਸੀਨੀਆਰਤਾ ਦੇ ਆਧਾਰ ’ਤੇ ਉਹ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਪੇਸ਼ ਕਰਨਗੇ। ਵਿੱਜ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਦੀ ਹੈ ਜਾਂ ਨਹੀ, ਇਹ ਉਸ ਦੀ ਮਰਜ਼ੀ ਪਰ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਉਹ ਸੂਬੇ ਦੀ ਤਕਦੀਰ ਅਤੇ ਤਸਵੀਰ ਬਦਲ ਦੇਣਗੇ।
ਉਹ ਅੰਬਾਲਾ ਛਾਉਣੀ ਵਿੱਚ ਭਾਜਪਾ ਦੇ ਚੋਣ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਕੰਮਾਂ ਅਤੇ ਵਿਧਾਨ ਸਭਾ ਚੋਣਾਂ ਸਬੰਧੀ ਯੋਜਨਾਵਾਂ ਤੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਨਾਅਰੇ ‘ਕੰਮ ਕੀਤਾ ਹੈ, ਕੰਮ ਕਰਾਂਗੇ’ ਸਬੰਧੀ ਆਪਣਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਵਿਜ ਨੇ ਕਿਹਾ, “ਅੰਬਾਲਾ ਛਾਉਣੀ ਦੇ ਲੋਕਾਂ ਨੇ ਮੈਨੂੰ ਛੇ ਵਾਰ ਵਿਧਾਇਕ ਬਣਾਇਆ ਹੈ ਅਤੇ ਹੁਣ ਮੈਂ ਸੱਤਵੀਂ ਵਾਰ ਚੋਣ ਲੜ ਰਿਹਾ ਹਾਂ। ਇਨ੍ਹਾਂ ਛੇ ਕਾਰਜਕਾਲਾਂ ਦੌਰਾਨ ਮੈਂ ਲੰਮਾ ਸਮਾਂ ਵਿਰੋਧੀ ਧਿਰ ਵਿੱਚ ਰਿਹਾ ਪਰ ਵਿਰੋਧੀ ਧਿਰ ਵਿੱਚ ਰਹਿੰਦਿਆਂ ਵੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ। ਕਈ ਧਰਨੇ ਦਿੱਤੇ, ਕਈ ਅੰਦੋਲਨ ਕੀਤੇ, ਕਈ ਕੰਮ ਅਦਾਲਤਾਂ ਰਾਹੀਂ ਕਰਵਾਏ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਅਰਧ-ਨਗਨ ਪ੍ਰਦਰਸ਼ਨ ਵੀ ਕੀਤੇ ਜੋ ਅੱਜ ਪੂਰੇ ਦੇਸ਼ ਵਿੱਚ ਵਾਰ-ਵਾਰ ਸਾਡੀਆਂ ਰੀਲਾਂ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ਦੇ ਲੋਕਾਂ ਨੂੰ ਵਿਕਾਸ ਤੋਂ ਵਾਂਝਾ ਰੱਖਿਆ ਗਿਆ ਪਰ ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਇਸ ਤੋਂ ਬਾਅਦ ਅਨਿਲ ਵਿੱਜ ਨਾਰਾਜ਼ ਹੋ ਗਏ ਸਨ। ਉਨ੍ਹਾਂ ਦੀ ਨਾਰਾਜ਼ਗੀ ਕਈ ਮੀਟਿੰਗਾਂ ਵਿੱਚ ਸਪੱਸ਼ਟ ਦਿਖਾਈ ਦਿੱਤੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਚਕੂਲਾ ਵਿੱਚ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਕਿਹਾ ਸੀ ਕਿ ਜੇ ਭਾਜਪਾ ਜਿੱਤੀ ਤਾਂ ਨਾਇਬ ਸੈਣੀ ਮੁੱਖ ਮੰਤਰੀ ਹੋਣਗੇ। ਇਸ ਤੋਂ ਇਲਾਵਾ ਗੁਰੂਗ੍ਰਾਮ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਵੀ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵਾ ਪੇਸ਼ ਕੀਤਾ ਹੈ। 2014 ਵਿੱਚ ਜਦੋਂ ਭਾਜਪਾ ਨੇ 90 ’ਚੋਂ 47 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕੀਤਾ ਸੀ ਤਾਂ ਅਨਿਲ ਵਿਜ, ਰਾਮ ਬਿਲਾਸ ਸ਼ਰਮਾ ਅਤੇ ਓਮ ਪ੍ਰਕਾਸ਼ ਧਨਖੜ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਵਿੱਚ ਸਨ। ਜਦੋਂ ਇਹ ਚਰਚਾ ਉੱਠੀ ਕਿ ਭਾਜਪਾ ਜਾਟ ਦੀ ਬਜਾਏ ਕਿਸੇ ਪੰਜਾਬੀ ਚਿਹਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਵੇਗੀ ਤਾਂ ਵਿੱਜ ਮਜ਼ਬੂਤ ​ਦਾਅਵੇਦਾਰ ਬਣ ਗਏ ਪਰ ਅਚਾਨਕ ਭਾਜਪਾ ਨੇ ਮਨੋਹਰ ਲਾਲ ਖੱਟਰ ਦਾ ਨਾਂ ਅੱਗੇ ਕਰ ਦਿੱਤਾ ਜਿਸ ਤੋਂ ਬਾਅਦ ਉਹ ਸਾਢੇ 9 ਸਾਲ ਮੁੱਖ ਮੰਤਰੀ ਰਹੇ।

Advertisement

Advertisement