ਫਿਲਮ ‘ਤਾਲ’ ਦੇ ਕਲਾਕਾਰਾਂ ਨਾਲ ਮੁੜ ਕੰਮ ਕਰ ਕੇ ਖੁਸ਼ ਹੋਇਆ ਅਨਿਲ ਕਪੂਰ
ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਫਿਲਮ ‘ਤਾਲ’ ਦੇ ਕਲਾਕਾਰਾਂ ਅਤੇ ਟੀਮ ਨਾਲ ਜੁੜੇ ਹੋਏ ਹਨ। ਇਹ ਫ਼ਿਲਮ 25ਵੀਂ ਵਰ੍ਹੇਗੰਢ ਮੌਕੇ 27 ਸਤੰਬਰ ਨੂੰ ਮੁੜ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸੁਭਾਸ਼ ਘਈ ਨੇ ਕੀਤਾ ਸੀ ਜਿਸ ਵਿੱਚ ਅਨਿਲ ਕਪੂਰ ਦੇ ਨਾਲ-ਨਾਲ ਐਸ਼ਵਰਿਆ ਰਾਏ ਅਤੇ ਅਕਸ਼ੈ ਖੰਨਾ ਅਹਿਮ ਭੂਮਿਕਾਵਾਂ ਵਿਚ ਹਨ। ਜ਼ਿਕਰਯੋਗ ਹੈ ਕਿ ਫਿਲਮ ‘ਤਾਲ’ 13 ਅਗਸਤ, 1999 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਗੀਤ ਅੱਜ ਵੀ ਯਾਦ ਕੀਤੇ ਜਾਂਦੇ ਹਨ ਜੋ ਗੀਤਕਾਰ ਆਨੰਦ ਬਖਸ਼ੀ ਅਤੇ ਸੰਗੀਤਕਾਰ ਏਆਰ ਰਹਿਮਾਨ ਨੇ ਤਿਆਰ ਕੀਤੇ ਸਨ। ਇਹ ਫ਼ਿਲਮ ਅਨਿਲ ਕਪੂਰ ਅਤੇ ਸੁਭਾਸ਼ ਘਈ ਲਈ ਵੀ ਮੁੜ ਇਕੱਠੇ ਹੋਣ ਦਾ ਸਮਾਂ ਹੈ ਜਿਨ੍ਹਾਂ ਨੇ ‘ਮੇਰੀ ਜੰਗ’, ‘ਕਰਮਾ’ ਅਤੇ ‘ਰਾਮ ਲਖਨ’ ਆਦਿ ਸੁਪਰਹਿੱਟ ਫਿਲਮਾਂ ਦਿੱਤੀਆਂ ਸਨ। ਅਨਿਲ ਕਪੂਰ ਨੇ ਕਿਹਾ,‘ਮੈਂ ਉਸ (ਘਈ) ਨਾਲ ਪਹਿਲਾਂ ਵੀ ਕੰਮ ਕੀਤਾ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਸ ਨਾਲ ਮੁੜ ਕੰਮ ਕਰ ਰਿਹਾ ਹਾਂ। ਜਦੋਂ ਰਹਿਮਾਨ ਸਾਹਿਬ ਅਤੇ ਉਨ੍ਹਾਂ ਵਰਗੇ ਹੋਰ ਚੰਗੇ ਤਕਨੀਸ਼ੀਅਨ ਅਤੇ ਕਲਾਕਾਰ ਇਕੱਠੇ ਹੁੰਦੇ ਹਨ ਤਾਂ ਇਹ ਜਾਦੂ ਵਰਗਾ ਕੰਮ ਕਰਦਾ ਹੈ।’ ਅਨਿਲ ਕਪੂਰ ਨੇ ਰੇਡੀਓ ਨਸ਼ਾ ਵੱਲੋਂ ਫਿਲਮ ‘ਤਾਲ’ ਦੀ ਵਿਸ਼ੇਸ਼ ਸਕਰੀਨਿੰਗ ਮੌਕੇ ਕਿਹਾ, ‘ਇੱਕ ਸਮਾਂ ਸੀ ਜਦੋਂ ਅਸੀਂ ਫਿਲਮ ਬਣਾਉਂਦੇ ਸਾਂ, ਸਾਨੂੰ ਉਮੀਦ ਹੁੰਦੀ ਸੀ ਕਿ ਇਹ ਫਿਲਮ 25 ਹਫਤਿਆਂ ਤੱਕ ਚੱਲੇਗੀ ਪਰ ਜਦੋਂ ਅਸੀਂ ਅੱਜ ਫਿਲਮਾਂ ਬਣਾਉਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਇਹ ਦੋ ਜਾਂ ਚਾਰ ਹਫ਼ਤਿਆਂ ਤੱਕ ਚੱਲੇਗੀ। -ਪੀਟੀਆਈ