‘ਬਿੱਗ ਬੌਸ ਓਟੀਟੀ 3’ ਦੀ ਮੇਜ਼ਬਾਨੀ ਲਈ ਅਨਿਲ ਕਪੂਰ ਤਿਆਰ
ਮੁੰਬਈ: ਅਦਾਕਾਰ ਅਨਿਲ ਕਪੂਰ ‘ਬਿੱਗ ਬੌਸ ਓਟੀਟੀ 3’ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ‘ਮਿਸਟਰ ਇੰਡੀਆ’ ਸਟਾਰ ਰਿਆਲਿਟੀ ਸ਼ੋਅ ਦੇ ਨਵੇਂ ਮੇਜ਼ਬਾਨ ਹਨ ਤੇ ਉਹ ਤੀਜੇ ਸੀਜ਼ਨ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਨ। ਜੀਓ ਸਿਨੇਮਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਬਿੱਗ ਬੌਸ ਦਾ ਤੀਜਾ ਸੀਜ਼ਨ 21 ਜੂਨ ਤੋਂ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਅਨਿਲ ਕਪੂਰ ਨੇ ਕਿਹਾ, ‘ਬਿੱਗ ਬੌਸ ਓਟੀਟੀ ਤੇ ਮੈਂ ‘ਡਰੀਮ ਟੀਮ’ ਹਾਂ, ਅਸੀਂ ਦੋਵੇਂ ਦਿਲੋਂ ਜਵਾਨ ਹਾਂ; ਲੋਕ ਅਕਸਰ ਮਜ਼ਾਕ ਵਿੱਚ ਕਹਿੰਦੇ ਹਨ ਕਿ ਮੈਂ ਦਿਨੋਂ-ਦਿਨ ਜਵਾਨ ਹੋ ਰਿਹਾ ਹਾਂ ਪਰ ਬਿੱਗ ਬੌਸ ਸਦੀਵੀ ਹੈ। ਮੈਨੂੰ ਇਹ ਸਕੂਲ ਵਾਪਸ ਜਾਣ ਵਰਗਾ ਲੱਗ ਰਿਹਾ ਹੈ, ਕੁਝ ਨਵਾਂ ਅਤੇ ਰੋਮਾਂਚਕ ਕਰਨ ਦੀ ਕੋਸ਼ਿਸ਼ ਹੈ।’ ਅਨਿਲ ਕਪੂਰ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਰੇ ਪ੍ਰਾਜੈਕਟ ਇਮਾਨਦਾਰੀ ਤੇ ਸਖ਼ਤ ਮਿਹਨਤ ਨਾਲ ਮੁਕੰਮਲ ਕੀਤੇ ਹਨ ਤੇ ਬਿੱਗ ਬੌਸ ਵਿੱਚ ਵੀ ਉਹ ਪਹਿਲਾਂ ਨਾਲੋਂ ਵੱਧ ਊਰਜਾ ਨਾਲ ਕੰਮ ਕਰਨਗੇ। ਦੱਸਣਾ ਬਣਦਾ ਹੈ ਕਿ ਬਿੱਗ ਬੌਸ ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਫਿਲਮਸਾਜ਼ ਕਰਨ ਜੌਹਰ ਨੇ ਕੀਤੀ ਸੀ ਤੇ ਇਹ ਵੂਟ ’ਤੇ ਦਿਖਾਇਆ ਗਿਆ ਸੀ ਜਦਕਿ ਬਿੱਗ ਬੌਸ ਦੇ ਅਗਲੇ ਸੀਜ਼ਨ ਦੀ ਮੇਜ਼ਬਾਨੀ ਬੌਲੀਵੁਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਕੀਤੀ ਸੀ ਤੇ ਇਹ ਲੋਕਾਂ ਵਿਚ ਖਾਸਾ ਮਕਬੂਲ ਹੋਇਆ ਸੀ। ਇਸ ਤੋਂ ਇਲਾਵਾ ਅਨਿਲ ਕਪੂਰ ਐਕਸ਼ਨ-ਡਰਾਮਾ ਫਿਲਮ ‘ਸੂਬੇਦਾਰ’ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਸੁਰੇਸ਼ ਤ੍ਰਿਵੇਣੀ ਕਰਨਗੇ ਜਿਨ੍ਹਾਂ ਨੇ ਪਹਿਲਾਂ ਟੀ-ਸੀਰੀਜ਼ ਦੇ ਕਾਮੇਡੀ-ਡਰਾਮਾ ‘ਤੁਮਹਾਰੀ ਸੁਲੂ’ (2017) ਅਤੇ ‘ਜਲਸਾ’ ਦਾ ਨਿਰਦੇਸ਼ਨ ਕੀਤਾ ਸੀ। -ਏਐੱਨਆਈ