For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਨੇ ਖਾਲਿਸਤਾਨੀ ਜਥੇਬੰਦੀਆਂ ਦੇ ਕੌਮਾਂਤਰੀ ਨੈੱਟਵਰਕ ਦਾ ਖੁਲਾਸਾ ਕੀਤਾ

08:04 AM Jul 24, 2023 IST
ਐੱਨਆਈਏ ਨੇ ਖਾਲਿਸਤਾਨੀ ਜਥੇਬੰਦੀਆਂ ਦੇ ਕੌਮਾਂਤਰੀ ਨੈੱਟਵਰਕ ਦਾ ਖੁਲਾਸਾ ਕੀਤਾ
Advertisement

ਨਵੀਂ ਦਿੱਲੀ, 23 ਜੁਲਾਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਬੰਦੀ ਅਧੀਨ ਖਾਲਿਸਤਾਨੀ ਜਥੇਬੰਦੀਆਂ ਬੀਕੇਆਈ ਤੇ ਕੇਟੀਐਫ ਨਾਲ ਸਬੰਧਤ ਤਿੰਨ ‘ਅਤਿਵਾਦੀਆਂ’ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਦੋਸ਼ ਪੱਤਰ ਵਿਚ ਏਜੰਸੀ ਨੇ ਉਨ੍ਹਾਂ ਦੇ ਕੌਮਾਂਤਰੀ ਸੰਪਰਕਾਂ ਦਾ ਖੁਲਾਸਾ ਕੀਤਾ ਹੈ ਜਿਸ ਰਾਹੀਂ ਉਹ ਆਪਣੀਆਂ ਗਤੀਵਿਧੀਆਂ ਲਈ ਭਰਤੀ ਕਰਦੇ ਹਨ ਤੇ ਅਤਿਵਾਦ ਫੈਲਾਉਣ ਵਾਲੇ ਭਾਰਤ ਅਧਾਰਿਤ ਅਨਸਰਾਂ ਨਾਲ ਰਾਬਤਾ ਕਰਦੇ ਹਨ। ਐੱਨਆਈਏ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਲਈ ਕੰਮ ਕਰ ਰਹੇ ਛੇ ਹੋਰਾਂ ਦਾ ਨਾਂ ਵੀ ਚਾਰਜਸ਼ੀਟ ਵਿਚ ਦਰਜ ਕੀਤਾ ਗਿਆ ਹੈ ਜਿਸ ਨੂੰ ਅੱਜ ਇਕ ਵਿਸ਼ੇਸ਼ ਅਦਾਲਤ ਵਿਚ ਦਾਖਲ ਕੀਤਾ ਗਿਆ ਹੈ। ਚਾਰਜਸ਼ੀਟ ਵਿਚ ਇਨ੍ਹਾਂ ਦੋ ਜਥੇਬੰਦੀਆਂ ਲਈ ਪੈਸੇ ਇਕੱਠੇ ਕਰਨ ਦੀ ਗੁੰਝਲਦਾਰ ਪ੍ਰਕਿਰਿਆ ਦਾ ਵੀ ਖੁਲਾਸਾ ਕੀਤਾ ਗਿਆ ਹੈ। ਏਜੰਸੀ ਨੇ ਦੱਸਿਆ ਕਿ ਉਹ ਬੀਕੇਆਈ ਤੇ ਕੇਟੀਐਫ ਨਾਲ ਸਬੰਧਤ 16 ਹੋਰ ਫਰਾਰ ਤੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਸੰਪਰਕਾਂ ਦੀ ਵੀ ਜਾਂਚ ਕਰ ਰਹੀ ਹੈ। ਏਜੰਸੀ ਦੇ ਤਰਜਮਾਨ ਨੇ ਕਿਹਾ ਕਿ ਗੈਂਗਸਟਰਾਂ ਤੋਂ ਅਤਿਵਾਦੀ ਤੇ ਨਸ਼ਾ ਤਸਕਰ ਬਣੇ ਤਿੰਨ ਜਣੇ- ਹਰਵਿੰਦਰ ਸਿੰਘ ਸੰਧੂ ਉਰਫ਼ ‘ਰਿੰਦਾ’, ਲਖਬੀਰ ਸਿੰਘ ਸੰਧੂ ਉਰਫ਼ ‘ਲੰਡਾ’ (ਬੀਕੇਆਈ) ਤੇ ਅਰਸ਼ਦੀਪ ਸਿੰਘ ਡਾਲਾ ਉਰਫ ਅਰਸ਼ ਡਾਲਾ (ਕੇਟੀਐਫ) ਨੇ ਮੁਲਕ ਤੋਂ ਬਾਹਰ ਵਿਦੇਸ਼ਾਂ ਵਿਚ ਟਿਕਾਣਾ ਬਣਾ ਕੇ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਦਾ ਆਪਣਾ ਇਕ ਨੈੱਟਵਰਕ ਬਣਾ ਲਿਆ ਹੈ। ਇਨ੍ਹਾਂ ਵੱਲੋਂ ਭਾਰਤ ਵਿਚ ਅਜਿਹੀਆਂ ਸਾਜ਼ਿਸ਼ਾਂ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੁਲਾਰੇ ਨੇ ਕਿਹਾ ਕਿ, ‘ਵਿਦੇਸ਼ ਬੈਠੇ ਅਜਿਹੇ ਤੱਤਾਂ ਦੇ ਗੁੰਝਲਦਾਰ ਨੈੱਟਵਰਕ ਰਾਹੀਂ ਇਹ ਸਾਰੇ ਭਾਰਤ ਵਿਚ ਅਤਿਵਾਦੀ ਕਾਰਵਾਈਆਂ ਕਰਨ ਲਈ ਵਿਅਕਤੀਆਂ ਨੂੰ ਭਰਤੀ ਕਰਦੇ ਹਨ ਤੇ ਸ਼ਹਿ ਦਿੰਦੇ ਹਨ, ਫਿਰੌਤੀਆਂ ਮੰਗਦੇ ਹਨ ਤੇ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਦੇ ਹਨ।’ ਉਨ੍ਹਾਂ ਕਿਹਾ ਕਿ ਉੱਤਰ ਭਾਰਤ ਵਿਚ ਇਨ੍ਹਾਂ ਦੇ ਕਈ ਵੱਡੇ ਗੈਂਗਾਂ ਨਾਲ ਵੀ ਸੰਪਰਕ ਹਨ, ਜਨਿ੍ਹਾਂ ਵਿਚ ਸਥਾਨਕ ਗੈਂਗਸਟਰ, ਸੰਗਠਿਤ ਅਪਰਾਧਕ ਸਿੰਡੀਕੇਟ ਤੇ ਨੈੱਟਵਰਕ ਸ਼ਾਮਲ ਹਨ। ਐੱਨਆਈਏ ਮੁਤਾਬਕ ਰਿੰਦਾ ਬੀਕੇਆਈ ਦਾ ਬੇਹੱਦ ਅਹਿਮ ਮੈਂਬਰ ਹੈ ਤੇ ਸਰਗਰਮ ਖਾਲਿਸਤਾਨੀ ਹੈ। ਉਨ੍ਹਾਂ ਕਿਹਾ ਕਿ ਉਹ ਸਾਲ 2018-19 ਵਿਚ ਗੈਰਕਾਨੂੰਨੀ ਢੰਗ ਨਾਲ ਪਾਕਿਸਤਾਨ ਫਰਾਰ ਹੋ ਗਿਆ ਸੀ ਤੇ ਇਸ ਵੇਲੇ ਆਈਐੱਸਆਈ ਦੀ ਸਰਪ੍ਰਸਤੀ ਹੇਠ ਉੱਥੇ ਹੀ ਰਹਿ ਰਿਹਾ ਹੈ। ਭਾਰਤ ਖਿਲਾਫ਼ ਅਤਿਵਾਦੀ ਗਤੀਵਿਧੀਆਂ ਵਿਚ ਉਸ ਦੀ ਸ਼ਮੂਲੀਅਤ ਹੈ। ਏਜੰਸੀ ਨੇ ਕਿਹਾ ਕਿ ‘ਪਾਕਿਸਤਾਨ ਤੋਂ ਭਾਰਤ ਨੂੰ ਹੁੰਦੀ ਹਥਿਆਰਾਂ, ਧਮਾਕਾਖੇਜ਼ ਸਮੱਗਰੀ ਤੇ ਨਸ਼ਿਆਂ ਦੀ ਤਸਕਰੀ ਵਿਚ ਰਿੰਦਾ ਸ਼ਾਮਲ ਹੈ। ਉਹ ਬੀਕੇਆਈ ਲਈ ਭਰਤੀ ਵੀ ਕਰਦਾ ਹੈ, ਹੱਤਿਆਵਾਂ ਵਿਚ ਵੀ ਸ਼ਾਮਲ ਹੈ ਤੇ ਪੰਜਾਬ ਅਤੇ ਮਹਾਰਾਸ਼ਟਰ ਵਿਚ ਫਿਰੌਤੀਆਂ ਰਾਹੀਂ ਬੀਕੇਆਈ ਲਈ ਫੰਡ ਇਕੱਠੇ ਕਰਦਾ ਹੈ।’ ਐੱਨਆਈਏ ਮੁਤਾਬਕ ਰਿੰਦਾ ਮਈ 2022 ਵਿਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਆਰਪੀਜੀ ਹਮਲੇ ਵਿਚ ਵੀ ਸ਼ਾਮਲ ਸੀ। ਰਿੰਦਾ, ਲੰਡਾ ਤੇ ਡਾਲਾ ਨੂੰ ਭਾਰਤ ਸਰਕਾਰ ਨੇ ਅਤਿਵਾਦੀ ਐਲਾਨਿਆ ਹੋਇਆ ਹੈ। ਮੋਗਾ ਦਾ ਰਹਿਣ ਵਾਲਾ ਡਾਲਾ ਖ਼ਤਰਨਾਕ ਗੈਂਗਸਟਰ ਸੀ ਤੇ ਕੁਝ ਸਮਾਂ ਪਹਿਲਾਂ ਕੈਨੇਡਾ ਚਲਾ ਗਿਆ ਸੀ ਜਿੱਥੇ ਉਹ ਕੇਟੀਐਫ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿਚ ਆਇਆ ਸੀ। ਏਜੰਸੀ ਮੁਤਾਬਕ ਇਨ੍ਹਾਂ ਦੋਵਾਂ ਨੇ ਅਤਿਵਾਦੀ ਗੈਂਗ ਬਣਾਉਣ ਲਈ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ, ਤੇ ਇਨ੍ਹਾਂ ਰਾਹੀਂ ਫਿਰੌਤੀਆਂ ਮੰਗ ਕੇ ਕੇਟੀਐਫ ਲਈ ਫੰਡ ਇਕੱਠੇ ਕੀਤੇ। ਅਤਿਵਾਦੀ ਗੈਂਗਾਂ ਰਾਹੀਂ ਹੀ ਇਨ੍ਹਾਂ ਪੰਜਾਬ ਵਿਚ ਵਿਸ਼ੇਸ਼ ਭਾਈਚਾਰਿਆਂ ਦੇ ਕਾਰੋਬਾਰੀਆਂ ਤੇ ਆਗੂਆਂ ਦੀ ਮਿੱਥ ਕੇ ਹੱਤਿਆ ਕਰਨ ਦੀ ਯੋਜਨਾ ਵੀ ਬਣਾਈ।
ਅਧਿਕਾਰੀਆਂ ਮੁਤਾਬਕ ਤਰਨ ਤਾਰਨ ਨਾਲ ਸਬੰਧਤ ਲੰਡਾ ਪਹਿਲਾਂ ਅਪਰਾਧਕ ਤੇ ਗੈਂਗਸਟਰ ਗਤੀਵਿਧੀਆਂ ਵਿਚ ਸ਼ਾਮਲ ਸੀ ਤੇ 2017 ਵਿਚ ਕੈਨੇਡਾ ਚਲਾ ਗਿਆ ਜਿੱਥੇ ਉਹ ਰਿੰਦਾ ਦੇ ਸੰਪਰਕ ਵਿਚ ਆਇਆ। ਲੰਡਾ ਨੇ ਬੀਕੇਆਈ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਦਹਿਸ਼ਤੀ ਘਟਨਾਵਾਂ ਵਿਚ ਮੁੱਖ ਮੁਲਜ਼ਮ ਵਜੋਂ ਉੱਭਰਿਆ। ਇਨ੍ਹਾਂ ਘਟਨਾਵਾਂ ਵਿਚ ਮੁਹਾਲੀ ਤੇ ਤਰਨ ਤਾਰਨ ਵਿਚ ਪੰਜਾਬ ਪੁਲੀਸ ਦੇ ਟਿਕਾਣਿਆਂ ਉਤੇ ਹੋਏ ਆਰਪੀਜੀ ਹਮਲੇ ਸ਼ਾਮਲ ਹਨ। ਏਜੰਸੀ ਮੁਤਾਬਕ ਉਹ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਪਿਛਲੇ ਸਾਲ ਅਗਸਤ ਵਿਚ ਘੜੀ ਗਈ ਹੱਤਿਆ ਦੀ ਸਾਜ਼ਿਸ਼ ਦਾ ਵੀ ਮੁੱਖ ਮੁਲਜ਼ਮ ਸੀ। ਏਜੰਸੀ ਨੇ ਕਿਹਾ ਕਿ ਵਿਦੇਸ਼ ਬੈਠੇ ਹੋਰਾਂ ਨੂੰ ਵੀ ਚਾਰਜਸ਼ੀਟ ਕੀਤਾ ਗਿਆ ਹੈ ਜਨਿ੍ਹਾਂ ਵਿਚ ਬੀਕੇਆਈ ਨਾਲ ਸਬੰਧਤ ਹਰਜੋਤ ਸਿੰਘ ਸ਼ਾਮਲ ਹੈ। ਉਹ ਇਸ ਵੇਲੇ ਅਮਰੀਕਾ ਵਿਚ ਹੈ। ਇਸ ਤੋਂ ਇਲਾਵਾ ਨਾਭਾ ਜੇਲ੍ਹ ’ਚੋਂ ਭੱਜਣ ਦੇ ਕੇਸ ਵਿਚ ਸ਼ਾਮਲ ਕਸ਼ਮੀਰ ਸਿੰਘ ਗਲਵੱਡੀ ਦਾ ਨਾਂ ਵੀ ਚਾਰਜਸ਼ੀਟ ਵਿਚ ਹੈ ਤੇ ਉਸ ਦੇ ਨੇਪਾਲ ਵਿਚ ਹੋਣ ਦਾ ਸ਼ੱਕ ਹੈ। ਲੰਡਾ ਦੇ ਭਰਾ ਤਰਸੇਮ ਨੂੰ ਵੀ ਚਾਰਜਸ਼ੀਟ ਕੀਤਾ ਗਿਆ ਹੈ ਤੇ ਉਹ ਦੁਬਈ ਵਿਚ ਹੈ। ਆਸਟਰੇਲੀਆ ਵਿਚ ਲੁਕਿਆ ਗੁਰਜੰਟ ਸਿੰਘ ਕੇਟੀਐਫ ਦੇ ਵਿਦੇਸ਼ੀ ਨੈੱਟਵਰਕ ਦਾ ਹਿੱਸਾ ਹੈ ਤੇ ਚਾਰਜਸ਼ੀਟ ਵਿਚ ਉਸ ਦਾ ਵੀ ਨਾਂ ਹੈ। ਹੋਰਨਾਂ ਮੁਲਜ਼ਮਾਂ ਵਿਚ ਦੀਪਕ ਰੰਗਾ ਤੇ ਲੱਕੀ ਖੋਖਰ ਉਰਫ਼ ‘ਡੈਨਿਸ’ ਵੀ ਸ਼ਾਮਲ ਹਨ ਜਨਿ੍ਹਾਂ ਨਾਲ ਭਾਰਤ ਵਿਚ ਦਹਿਸ਼ਤੀ ਗਤੀਵਿਧੀਆਂ ਲਈ ਵਿਦੇਸ਼ ਬੈਠੇ ਹੈਂਡਲਰ ਰਾਬਤਾ ਕਰਦੇ ਹਨ, ਤੇ ਉਨ੍ਹਾਂ ਨੇ ਹੀ ਲੱਕੀ ਤੇ ਦੀਪਕ ਨੂੰ ਭਰਤੀ ਕੀਤਾ ਹੈ। -ਪੀਟੀਆਈ

Advertisement

Advertisement
Advertisement
Tags :
Author Image

Advertisement