ਐੱਨਆਈਏ ਵੱਲੋਂ ਅਰਸ਼ ਡੱਲਾ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ, 11 ਦਸੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ ਅਤੇ ਹਰਿਆਣਾ ’ਚ ਪਾਬੰਦੀਸ਼ੁਦਾ ਖਾਲਿਸਤਾਨ ਟੈਰਰਿਸਟ ਫੋਰਸ (ਕੇਟੀਐੱਫ) ਦੇ ਕਥਿਤ ਸੰਚਾਲਕਾਂ ਅਤੇ ਕੈਨੇਡਾ ਰਹਿੰਦੇ ਅਰਸ਼ ਡੱਲਾ ਦੇ ਸਾਥੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇ ਮਾਰੇ। ਐੱਨਆਈਏ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੇ ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਸੰਗਰੂਰ ਅਤੇ ਮਾਨਸਾ ਜਦਕਿ ਹਰਿਆਣਾ ਦੇ ਸਿਰਸਾ ਵਿੱਚ ਮੁਲਜ਼ਮ ਬਲਜੀਤ ਮੌੜ, ਡੱਲਾ ਤੇ ਕੇਟੀਐਫ ਨਾਲ ਜੁੜੇ ਮਸ਼ਕੂਕਾਂ ਦੇ ਟਿਕਾਣਿਆਂ ’ਤੇ ਕਾਰਵਾਈ ਕੀਤੀ ਗਈ। ਬਲਜੀਤ ਮੌੜ ਇਸ ਵੇਲੇ ਜੇਲ੍ਹ ਵਿੱਚ ਹੈ। ਇਸ ਦੌਰਾਨ ਉਨ੍ਹਾਂ ਮੋਬਾਈਲ, ਡਿਜੀਟਲ ਉਪਕਰਨ ਅਤੇ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਨਆਈਏ ਨੇ ਕਿਹਾ, ‘ਹੁਣ ਤੱਕ ਦੀ ਜਾਂਚ ਵਿੱਚ ਵਿਦੇਸ਼ ਆਧਾਰਤ ਮੁੱਖ ਮੁਲਜ਼ਮਾਂ ਅਤੇ ਅਤਿਵਾਦੀ ਸੰਗਠਨਾਂ ਦੇ ਹੈਂਡਲਰਾਂ ਵੱਲੋਂ ਭਾਰਤ ਵਿੱਚ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਕਾਡਰ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਦਾ ਖੁਲਾਸਾ ਹੋਇਆ ਹੈ।’ ਏਜੰਸੀ ਨੇ ਕਿਹਾ ਕਿ ਐੱਨਆਈਏ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਇਸ ਸਬੰਧੀ ਸਾਲ ਦੇ ਸ਼ੁਰੂ ਵਿੱਚ ਕੇਸ ਦਰਜ ਕੀਤਾ ਗਿਆ ਸੀ। ਏਜੰਸੀ ਅਨੁਸਾਰ, ‘ਐੱਨਆਈਏ ਅਪਰਾਧਕ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣ, ਜਬਰੀ ਵਸੂਲੀ ਰਾਹੀਂ ਫੰਡ ਇਕੱਠਾ ਕਰਨ ਤੇ ਹੋਰ ਮਾਮਲਿਆਂ ਦੀ ਜਾਂਚ ਕਰ ਰਹੀ ਹੈ। -ਪੀਟੀਆਈ