ਕੁਰਾਨ ਸਾੜਨ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਵੱਲੋਂ ਸਵੀਡਨ ਦੇ ਦੂਤਾਵਾਸ ’ਤੇ ਹਮਲਾ
ਬਗਦਾਦ, 20 ਜੁਲਾਈ
ਸਵੀਡਨ ’ਚ ਕੁਰਾਨ ਸਾੜਨ ਦੀ ਸਾਜ਼ਿਸ਼ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਅੱਜ ਤੜਕੇ ਬਗਦਾਦ ’ਚ ਸਵੀਡਨ ਦੇ ਦੂਤਾਵਾਸ ’ਤੇ ਹਮਲਾ ਕਰ ਦਿੱਤਾ ਤੇ ਸੰਸਥਾ ਅੰਦਰ ਜਾ ਕੇ ਅੱਗ ਲਗਾ ਦਿੱਤੀ ਜਿਸ ਨਾਲ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਹੈ। ਸਵੀਡਨ ਦੀ ਰਾਜਧਾਨੀ ਸਟਾਕਹੋਮ ’ਚ ਸ਼ਰਨ ਮੰਗਣ ਵਾਲੇ ਇੱਕ ਇਰਾਕੀ ਵਿਅਕਤੀ ਨੇ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਕੁਰਾਨ ਸਾੜਨ ਦੀ ਸਾਜ਼ਿਸ਼ ਰਚੀ ਸੀ। ਇਸ ਘਟਨਾ ਸਬੰਧੀ ਵਾਇਰਲ ਵੀਡੀਓ ਵਿੱਚ ਦੂਤਾਵਾਸ ’ਤੇ ਮੁਜ਼ਾਹਰਾਕਾਰੀ ਇਰਾਕੀ ਰਾਜਨੇਤਾ ਮੁਕਤਦਾ ਅਲ-ਸਦਰ ਦੀਆਂ ਤਸਵੀਰਾਂ ਵਾਲੇ ਝੰਡੇ ਤੇ ਨਿਸ਼ਾਨ ਲਹਿਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਘਟਨਾ ਤੋਂ ਬਾਅਦ ਸਵੀਟਨ ਦੇ ਦੂਤਾਵਾਸ ਨੇ ਐਲਾਨ ਕੀਤਾ ਕਿ ਉਸ ਨੇ ਇੱਥੇ ਆਉਣ ਵਾਲਿਆਂ ਲਈ ਦੂਤਾਵਾਸ ਬੰਦ ਕਰ ਦਿੱਤਾ ਹੈ। ਦੂਤਾਵਾਸ ਨੇ ਇਹ ਨਹੀਂ ਦੱਸਿਆ ਕਿ ਇਸ ਨੂੰ ਕਦੋਂ ਖੋਲ੍ਹਿਆ ਜਾਵੇਗਾ। ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ-ਸੂਡਾਨੀ ਨੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਰਾਕੀ ਅਧਿਕਾਰੀ ਅੱਗ ਲੱਗਣ ਦੀ ਘਟਨਾ ਲਈ ਜ਼ਿੰਮੇਵਾਰ ਤੇ ਜਾਂਚ ’ਚ ਲਾਪ੍ਰਵਾਹੀ ਵਰਤਣ ਵਾਲੇ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨਗੇ। -ਏਪੀ
ਇਰਾਕ ਨੇ ਸਵੀਡਨ ਦੇ ਰਾਜਦੂਤ ਨੂੰ ਕੱਢਿਆ
ਬਗਦਾਦ: ਸਟਾਕਹੋਮ ’ਚ ਇੱਕ ਵਿਅਕਤੀ ਵੱਲੋਂ ਪਵਿੱਤਰ ਕੁਰਾਨ ਦੀ ਕਾਪੀ ਦੀ ਬੇਅਦਬੀ ਕਰਨ ਦੀ ਘਟਨਾ ਮਗਰੋਂ ਇਰਾਕ ਦੇ ਪ੍ਰਧਾਨ ਮੰਤਰੀ ਨੇ ਦੇਸ਼ ’ਚੋਂ ਸਵੀਡਨ ਦੇ ਰਾਜਦੂਤ ਨੂੰ ਕੱਢਣ ਦਾ ਹੁਕਮ ਜਾਰੀ ਕਰਨ ਦੇ ਨਾਲ ਹੀ ਅੱਜ ਸਵੀਡਨ ਤੋਂ ਆਪਣੇ ਦੂਤਾਵਾਸ ਦੇ ਇੰਚਾਰਜ ਨੂੰ ਵਾਪਸ ਬੁਲਾ ਲਿਆ ਹੈ। -ਏਪੀ