ਪ੍ਰਭੂ ਦਿਆਲਸਿਰਸਾ, 13 ਅਗਸਤਇਥੋਂ ਦੇ ਡੇਰਾ ਸਿਰਸਾ ਨੇੜੇ ਨਵੇਂ ਵਸਾਏ ਗਏ ਪਿੰਡ ਸ਼ਾਹ ਸਤਨਾਮ ਪੂਰਾ ਵੱਲੋਂ ਸਿਰਸਾ ਮੇਜਰ ਨਹਿਰ ’ਚੋਂ ਕਥਿਤ ਰਾਜਸੀ ਸ਼ਹਿ ’ਤੇ ਮੋਘਾ ਕੱਢਣ ’ਤੇ ਪਿੰਡ ਬਾਜੇਕਾਂ, ਵੈਦਵਾਲਾ, ਸਿਕੰਦਰਪੁਰ, ਬੇਗੂ, ਕੰਗਣਪੁਰ, ਸ਼ਹੀਦਾਂਵਾਲੀ ਆਦਿ ਸਮੇਤ ਕਈ ਪਿੰਡਾਂ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਇਸ ਸਬੰਧੀ ਅੱਜ ਪਿੰਡ ਬਾਜੇਕਾਂ ’ਚ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਪਤਵੰਤੇ ਲੋਕਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਨੇ ਨਹਿਰ ’ਚ ਪਾਏ ਜਾ ਰਹੇ ਮੋਘੇ ਵਿਰੁੱਧ ਮਤੇ ਪਾਸੇ ਕੀਤੇ, ਉਥੇ ਲੋਕਾਂ ਨੇ ਇਸ ਮੋਘੇ ਨੂੰ ਰੋਕਣ ਲਈ ਤਿੱਖੇ ਅੰਦੋਲਨ ਦਾ ਐਲਾਨ ਕੀਤਾ ਹੈ।ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਡੇਰਾ ਸਿਰਸਾ ਵੱਲੋਂ ਨਵੇਂ ਡੇਰੇ ਨੇੜੇ ਨਵਾਂ ਪਿੰਡ ਸ਼ਾਹ ਸਤਨਾਮਪੁਰਾ ਵਸਾਇਆ ਜਾ ਰਿਹਾ ਹੈ। ਇਸ ਪਿੰਡ ਦੇ ਲੋਕਾਂ ਨੇ ਕਥਿਤ ਰਾਜਸੀ ਸ਼ਹਿ ’ਤੇ ਸਿਰਸਾ ਮੇਜਰ ਨਹਿਰ ’ਚੋਂ ਮੋਘਾ ਪਾ ਕੇ ਗੈਰਕਾਨੂੰਨੀ ਤਰੀਕੇ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂਕਿ ਸ਼ਾਹ ਸਤਨਾਮਪੁਰਾ ਨੇਜੀਆ ਨਹਿਰ ਦੇ ਕੰਢੇ ’ਤੇ ਵਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਹ ਸਤਨਾਮਪੁਰਾ ਪਿੰਡ ਦਾ ਨਾ ਤਾਂ ਇਸ ਨਹਿਰ ’ਤੇ ਰਕਬਾ ਪੈਂਦਾ ਹੈ ਤੇ ਨਾ ਹੀ ਇਸ ਨਹਿਰ ਵਿੱਚ ਏਨਾ ਪਾਣੀ ਹੈ ਕਿ ਹੋਰ ਪਿੰਡ ਨੂੰ ਇਸ ਨਹਿਰ ’ਚੋਂ ਪਾਣੀ ਦਿੱਤਾ ਜਾ ਸਕੇ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਿਰਸਾ ਮੇਜਰ ਨਹਿਰ ’ਚੋਂ ਪਾਏ ਜਾ ਰਹੇ ਮੋਘੇ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਧੀ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ, ਜੋ ਡਿਪਟੀ ਕਮਿਸ਼ਨਰ ਨੂੰ ਭਲਕੇ 14 ਅਗਸਤ ਨੂੰ ਦਿੱਤੇ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਇਸ ਕਾਰਵਾਈ ਨੂੰ ਨਾ ਰੋਕਿਆ ਗਿਆ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।