ਡੱਲੇਵਾਲ ਦੀ ਸਿਹਤ ਖ਼ਰਾਬ ਹੋਣ ਮਗਰੋਂ ਕਿਸਾਨਾਂ ਵਿੱਚ ਰੋਹ ਵਧਿਆ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਦਸੰਬਰ
ਢਾਬੀ ਗੁੱਜਰਾਂ ਬਾਰਡਰ ’ਤੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਤੇ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖ਼ਰਾਬ ਹੋ ਰਹੀ ਹੈ। ਇੱਥੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਦੇ ਹੱਲ ਜਾਂ ਸ੍ਰੀ ਡੱਲੇਵਾਲ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਦੋਂਕਿ ਸੁਪਰੀਮ ਕੋਰਟ ਚਿੰਤਤ ਹੈ। ਇਸ ਕਾਰਨ ਕਿਸਾਨਾਂ ਵਿੱਚ ਸਰਕਾਰਾਂ ਖ਼ਿਲਾਫ਼ ਗੁੱਸਾ ਵਧ ਰਿਹਾ ਹੈ।
ਇੱਥੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਮੋਰਚੇ ਦੀ ਸਫਲਤਾ ਲਈ ਬਾਰਡਰ ’ਤੇ ਕਿਸਾਨਾਂ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਸ਼ਾਮ ਸਮੇਂ ਨੇੜਲੇ ਪਿੰਡਾਂ ਦੇ ਲੋਕ ਸਾਰੀ ਰਾਤ ਪਹਿਰਾ ਦਿੰਦੇ ਹਨ। ਬਾਰਡਰ ਉੱਤੇ ਮੋਰਚੇ ਨੂੰ ਚਲਾ ਰਹੇ ਪ੍ਰਬੰਧਕਾਂ ਵੱਲੋਂ ਬੈਰੀਕੇਡ ਬਣਾਏ ਗਏ ਹਨ। ਢਾਬੀ ਗੁੱਜਰਾਂ ਬਾਰਡਰ ਉੱਤੇ ਕਥਾ ਕੀਰਤਨ ’ਤੇ ਬੈਠੀ ਸੰਗਤ ਨੂੰ ਜਦੋਂ ਸ੍ਰੀ ਡੱਲੇਵਾਲ ਦੀ ਅਚਾਨਕ ਸਿਹਤ ਖ਼ਰਾਬ ਹੋਣ ਦਾ ਪਤਾ ਲੱਗਿਆ ਤਾਂ ਪੰਡਾਲ ਵਿੱਚ ਬੈਠੀ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ। ਇਸੇ ਦੌਰਾਨ ਕਥਾਵਾਚਕ ਨੇ ਸਮੂਹ ਸੰਗਤ ਨੂੰ ਸ੍ਰੀ ਡੱਲੇਵਾਲ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਲਈ ਕਿਹਾ। ਕਿਸਾਨ ਆਗੂ ਦੀ ਸਿਹਤ ਖ਼ਰਾਬ ਹੋਣ ਕਾਰਨ ਕਿਸਾਨਾਂ ਵਿੱਚ ਰੋਸ ਵਧ ਰਿਹਾ ਹੈ। ਅੱਜ ਕਿਸਾਨਾਂ ਤੇ ਬੀਬੀਆਂ ਨੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਡਾ. ਜੁਝਾਰ ਸਿੰਘ ਡਰੋਲੀ, ਗੁਰਿੰਦਰ ਸਿੰਘ ਭੰਗੂ ਅਤੇ ਅਤੇ ਨਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਿਸਾਨਾਂ ਦੇ ਹੱਥੋਂ ਖੇਤੀ ਰੇਤ ਵਾਂਗ ਕਿਰਦੀ ਜਾ ਰਹੀ ਹੈ। ਉਨ੍ਹਾਂ ਸਮੂਹ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਕੇ ਇਕੱਠੇ ਹੋ ਕੇ ਮੋਰਚੇ ਤੇ ਸ੍ਰੀ ਡੱਲੇਵਾਲ ਦਾ ਸਾਥ ਦਿੱਤਾ ਜਾਵੇ ਤਾਂ ਜੋ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਵੇ।
ਰਾਤ ਸਮੇਂ ਮੋਰਚੇ ’ਤੇ ਜੁੜਨ ਲੱਗਿਆ ਵੱਡਾ ਇਕੱਠ
ਮੋਰਚੇ ਵਿੱਚ ਲੰਗਰ ਤਿਆਰ ਕਰਦੇ ਪਾਤੜਾਂ ਵਾਸੀ ਮਹਿਤਾਬ ਸਿੰਘ ਨੇ ਦੱਸਿਆ ਕਿ ਮੋਰਚੇ ’ਚ ਇਕੱਠ ਵਧਣ ਕਰ ਕੇ ਪਿੰਡਾਂ ਦੇ ਲੋਕ ਰਾਸ਼ਨ ਤੇ ਬਾਲਣ ਆਦਿ ਦੀ ਸੇਵਾ ਕਰ ਰਹੇ ਹਨ। ਇੱਥੇ ਸ਼ਾਮ ਨੂੰ ਮੋਰਚੇ ਵਿੱਚ ਕਰੀਬ 5000 ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤੇ ਦਿਨ ਚੜ੍ਹਨ ’ਤੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਂਦੇ ਹਨ।
ਰੋਟੀ ਦੇ ਮਸਲੇ ’ਤੇ ਸੰਘਰਸ਼ ਕਰ ਰਹੇ ਨੇ ਡੱਲੇਵਾਲ: ਫੱਤਣਵਾਲਾ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਮਰਨ ਵਰਤ ਦੇ ਹੱਕ ਵਿੱਚ ਅਕਾਲੀ ਆਗੂ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਖ਼ਨੌਰੀ ਬਾਰਡਰ ਪਹੁੰਚ ਕੇ ਕਿਸਾਨ ਆਗੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਆਪਣੇ ਪਰਿਵਾਰਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਰੋਟੀ ਨਾਲ ਜੁੜਿਆ ਮਸਲਾ ਹੈ ਤੇ ਡੱਲੇਵਾਲ ਲੋਕਾਂ ਲਈ ਸੰਘਰਸ਼ ਕਰ ਰਹੇ ਹਨ। ਸ੍ਰੀ ਫੱਤਣਵਾਲਾ ਨੇ ਦੱਸਿਆ ਕਿ ਕੇਂਦਰ ਤੇ ਭਾਜਪਾ ਦਾ ਸਮਰਥਨ ਕਰਨ ਵਾਲੇ ਲੋਕ ਕਿਸਾਨੀ ਸੰਘਰਸ਼ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨੀ ਸੰਘਰਸ਼ ਦਾ ਮੁੱਦਾ ਜਿੰਨਾ ਕਿਸਾਨ ਲਈ ਜ਼ਰੂਰੀ ਹੈ, ਓਨਾ ਹੀ ਮੁਲਕ ਦੇ ਹਰ ਨਾਗਰਿਕ ਲਈ ਵੀ ਜ਼ਰੂਰੀ ਹੈ।
ਸਰਕਾਰਾਂ ਨੂੰ ਕਿਸਾਨੀ ਮਸਲੇ ਹੱਲ ਕਰਨ ਦੀ ਅਪੀਲ
ਧੂਰੀ (ਬੀਰਬਲ ਰਿਸ਼ੀ): ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐੱਸਡੀ ਪ੍ਰੋ. ਓਂਕਾਰ ਸਿੰਘ ਸਿੱਧੂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ’ਤੇ ਪੁੱਜੇ। ਸੋਸ਼ਲ ਮੀਡੀਆ ’ਤੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ’ਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਤੁਰੰਤ ਹੱਲ ਕਰਨ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨ ਆਗੂ ਦੀ ਸਿਹਤਯਾਬੀ ਅਤੇ ਪੰਜਾਬ ਦੀ ਸ਼ਾਂਤੀ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਸਾਬਕਾ ਓਐੱਸਡੀ ਪ੍ਰੋ. ਓਂਕਾਰ ਸਿੰਘ ਕੁੱਝ ਮਹੀਨੇ ਪਹਿਲਾਂ ਅਚਨਚੇਤ ਅਹੁਦੇ ਤੋਂ ਹਟਾ ਦਿੱਤੇ ਗਏ ਸਨ। ਕਈ ਮਹੀਨਿਆਂ ਦੀ ਚੁੱਪ ਮਗਰੋਂ ਸ੍ਰੀ ਸਿੱਧੂ ਪਹਿਲੀ ਵਾਰ ਜਨਤਕ ਤੌਰ ’ਤੇ ਵਿਚਰਦੇ ਨਜ਼ਰ ਆਏ ਹਨ।