ਪਾਣੀ ਦੇ ਨਮੂਨਿਆਂ ਦੀ ਰਿਪੋਰਟ ਨਾ ਦੇਣ ’ਤੇ ਕਿਸਾਨਾਂ ਵਿੱਚ ਰੋਹ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਜੁਲਾਈ
ਇਥੇ ਜਗਰਾਉਂ-ਸਿੱਧਵਾਂ ਬੇਟ ਮਾਰਗ ਸਥਿਤ ਰਿਫਾਈਨਰੀ ਨੇੜਲੇ ਖੇਤਾਂ ਦੀਆਂ ਮੋਟਰਾਂ ਵਿੱਚੋਂ ਗੰਧਲਾ ਪਾਣੀ ਆਉਣ ਤੋਂ ਬਾਅਦ ਲਏ ਗਏ ਪਾਣੀ ਦੇ ਨਮੂਨਿਆਂ ਦੀ ਰਿਪੋਰਟ ਨਾ ਦੇਣ ’ਤੇ ਕਿਸਾਨਾਂ ਵਿੱਚ ਰੋਹ ਹੈ। ਇਹ ਰਿਪੋਰਟ ਜਨਤਕ ਕਰਨ ਦੀ ਮੰਗ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਸੰਘਰਸ਼ ਦੀ ਤਾੜਨਾ ਜਾਰੀ ਕਰ ਦਿੱਤੀ। ਉਪ ਮੰਡਲ ਮੈਜਿਸਟਰੇਟ ਮਨਜੀਤ ਕੌਰ ਨੂੰ ਮਿਲਣ ਪੁੱਜੇ ਕਿਸਾਨ ਜਥੇਬੰਦੀ ਦੇ ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਜਾਂ ਤਾਂ ਪ੍ਰਸ਼ਾਸਨ ਹਫ਼ਤੇ ਅੰਦਰ ਇਹ ਰਿਪੋਰਟ ਸੌਂਪ ਦੇਵੇ ਨਹੀਂ ਤਾਂ ਐੱਸਡੀਐੱਮ ਦਫ਼ਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਸ੍ਰੀ ਕਮਾਲਪੁਰਾ ਦੀ ਅਗਵਾਈ ਹੇਠ ਪਹੁੰਚੇ ਵਫ਼ਦ ਵਿੱਚ ਜ਼ਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਹਰਬਖਸ਼ੀਸ਼ ਸਿੰਘ ਰਾਏ ਤੇ ਹੋਰ ਕਿਸਾਨ ਆਗੂ ਸ਼ਾਮਲ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਤੱਪੜ ਹਰਨੀਆਂ ਸਥਿਤ ਏਪੀ ਰਿਫਾਈਨਰੀ ਨੇੜਲੀਆਂ ਮੋਟਰਾਂ ਵਿੱਚੋਂ ਗੰਧਲਾ ਪਾਣੀ ਆਉਣ ਦੀ ਕਿਸਾਨਾਂ ਦੀ ਸ਼ਿਕਾਇਤ ਮਗਰੋਂ ਇਹ ਮੁੱਦਾ ਭਖਿਆ ਸੀ। ਇਲਾਕੇ ਦੇ ਲੋਕਾਂ ਨੇ ਪਿੰਡ ਸ਼ੇਰਪੁਰਾ ਕਲਾਂ ਦੇ ਕਿਸਾਨ ਆਗੂ ਅਰਜਨ ਸਿੰਘ ਖੇਲਾ ਨੂੰ ਪ੍ਰਧਾਨ ਚੁਣ ਕੇ ਸ਼ਿਕਾਇਤ ਕੀਤੀ ਸੀ। ਇਸ ’ਤੇ ਕਰੀਬ ਮਹੀਨਾ ਪਹਿਲਾਂ ਵਧੀਕ ਡਿਪਟੀ ਕਮਿਸ਼ਨ ਦੀਆਂ ਹਦਾਇਤਾਂ ’ਤੇ ਐੱਸਡੀਐੱਮ ਦੀ ਅਗਵਾਈ ਹੇਠ ਬਣਾਈ ਪੜਤਾਲੀਆ ਕਮੇਟੀ ਨੂੰ ਪਾਣੀ ਦੇ ਸੈਂਪਲ ਸੌਂਪੇ ਗਏ ਸਨ। ਜਾਂਚ ਲਈ ਪੁੱਜੀ ਟੀਮ ਵਿੱਚ ਐੱਸਡੀਐੱਮ ਮਨਜੀਤ ਕੌਰ ਤੋਂ ਇਲਾਵਾ ਤਹਿਸੀਲਦਾਰ, ਐਕਸੀਅਨ ਪ੍ਰਦੂਸ਼ਨ ਕੰਟਰੋਲ ਬੋਰਡ ਸ਼ਾਮਲ ਸਨ। ਕਿਸਾਨ ਆਗੂਆਂ ਤੋਂ ਇਲਾਵਾ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪਾਣੀ ਦੇ ਨਮੂਨੇ ਲਏ ਜਾਣ ਕਰਕੇ ਹੀ ਸੰਘਰਸ਼ ਨੂੰ ਮੁਲਤਵੀ ਕਰਕੇ ਅੱਗੇ ਪਾ ਦਿੱਤਾ ਗਿਆ ਸੀ। ਹੁਣ ਮਹੀਨੇ ਬਾਅਦ ਵੀ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਹਾਲਾਂਕਿ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਤਿੰਨ ਦਨਿਾਂ ਅੰਦਰ ਰਿਪੋਰਟ ਮੰਗੀ ਸੀ। ਉਨ੍ਹਾਂ ਦੱਸਿਆ ਕਿ ਅੱਜ ਐੱਸਡੀਐੱਮ ਨੇ ਕਿਸਾਨਾਂ ਦੇ ਵਫ਼ਦ ਨੂੰ ਸਪੱਸ਼ਟ ਆਖਿਆ ਕਿ ਟੈਸਟ ਰਿਪੋਰਟ ਨਹੀਂ ਆਈ। ਇਸ ’ਤੇ ਵਫ਼ਦ ਨੇ ਏਡੀਸੀ ਨੂੰ ਵੀ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ।