For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ’ਚ ਰੋਹ

11:09 AM Apr 21, 2024 IST
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ’ਚ ਰੋਹ
ਮਾਰਕੀਟ ਕਮੇਟੀ ਭਦੌੜ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਨਵਕਿਰਨ ਸਿੰਘ
ਮਹਿਲ ਕਲਾਂ, 20 ਅਪਰੈਲ
ਮੰਡੀਆਂ ਵਿੱਚ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ਦੇ ਦੋਸ਼ ਲਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਸਰਕਾਰ ਨਾਅਰੇਬਾਜ਼ੀ ਕਰਦਿਆਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਕਣਕ ਦੀ ਫ਼ਸਲ ਵਿੱਚ ਵੱਧ ਨਮੀ ਦਾ ਬਹਾਨਾ ਬਣਾ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਹਕੀਕਤ ਵਿੱਚ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਕੇ ਪ੍ਰਾਈਵੇਟ ਸਾਇਲੋਜ਼ ਵੱਲ ਨੂੰ ਧੱਕਣਾ ਚਾਹੁੰਦੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਜੇ ਕਣਕ ਦੀ ਸਹੀ ਢੰਗ ਨਾਲ ਖ਼ਰੀਦ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਅਗਲਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਭਦੌੜ (ਰਾਜਿੰਦਰ ਵਰਮਾ): ਕਣਕ ਦੀ ਖ਼ਰੀਦ ਨਾ ਹੋਣ ਦੇ ਰੋਸ ਵਜੋਂ ਅੱਜ ਬੀਕੇਯੂ ਉਗਰਾਂਹਾ ਅਤੇ ਬੀਕੇਯੂ ਡਕੌਂਦਾ ਵੱਲੋਂ ਮਾਰਕੀਟ ਕਮੇਟੀ ਭਦੌੜ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ ਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਤੁਲੀਆਂ ਹੋਈਆਂ ਹਨ। ਨਮੀਂ ਦਾ ਬਹਾਨਾ ਬਣਾ ਕੇ ਖ਼ਰੀਦ ਏਜੰਸੀਆਂ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ।
ਕਿਸਾਨਾਂ ਦੇ ਧਰਨੇ ਉਪਰੰਤ ਬਾਅਦ ਦੁਪਹਿਰੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਸੱਤਪਾਲ ਸਿੰਘ, ਪਰਮਿੰਦਰ ਸਿੰਘ, ਰਾਜੀਵ ਕੁਮਾਰ ਅਤੇ ਮਾਰਕੀਟ ਕਮੇਟੀ ਭਦੌੜ ਦੇ ਸੈਕਟਰੀ ਹਰਦੀਪ ਸਿੰਘ ਗਿੱਲ ਨੇ ਅਨਾਜ ਮੰਡੀ ਭਦੌੜ ’ਚ ਵੱਖ-ਵੱਖ ਢੇਰੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ।
ਤਪਾ ਮੰਡੀ (ਸੀ ਮਾਰਕੰਡਾ): ਦਾਣਾ ਮੰਡੀ ਤਪਾ ਅਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ। ਪਿਛਲੇ ਕਈ ਦਿਨਾਂ ਤੋਂ ਕਣਕ ’ਚ ਨਮੀ ਜ਼ਿਆਦਾ ਹੋਣ ਕਾਰਨ ਬੋਲੀ ਨਹੀਂ ਲਗਾਈ ਜਾ ਰਹੀ। ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਗੇਟ ’ਤੇ ਸਾਰਾ ਦਿਨ ਧਰਨਾ ਲਗਾਈ ਰੱਖਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਅਤੇ ਖ਼ਰੀਦ ਅਧਿਕਾਰੀਆਂ ਦੀ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਇਆ ਤੇ ਧਰਨਾ ਚੁਕਵਾਇਆ।
ਨਥਾਣਾ (ਭਗਵਾਨ ਦਾਸ ਗਰਗ): ਖ਼ਰਾਬ ਮੌਸਮ ਅਤੇ ਖੇਤਾਂ ਵਿੱਚ ਪੱਕੀ ਖੜ੍ਹੀ ਜਾਂ ਖ਼ਰੀਦ ਕੇਦਰਾਂ ’ਚ ਵਿਕਰੀ ਖਾਤਰ ਲਿਆਂਦੀ ਕਣਕ ਦੀ ਸਮੇਂ ਸਿਰ ਵਿਕਰੀ ਨਾ ਹੋਣ ਕਰ ਕੇ ਕਿਸਾਨ ਚਿੰਤਾ ’ਚ ਹਨ। ਭਾਵੇਂ ਪੰਜਾਬ ਸਰਕਾਰ ਨੇ ਪਹਿਲੀ ਅਪਰੈਲ ਤੋਂ ਮੰਡੀਆਂ ’ਚੋਂ ਕਣਕ ਦੀ ਖ਼ਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਠੰਢ ਲੰਬੀ ਚੱਲਣ ਕਾਰਨ ਕਣਕ ਦੇਰੀ ਨਾਲ ਪੱਕੀ ਹੈ। ਹੁਣ ਖ਼ਰਾਬ ਚੱਲ ਰਹੇ ਮੌਸਮ ਨੇ ਕਿਸਾਨਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਖੇਤਰ ਦੀਆਂ ਬਹੁ-ਗਿਣਤੀ ਮੰਡੀਆਂ ਜਾਂ ਖ਼ਰੀਦ ਕੇਦਰਾਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਸਕੇ। ਜਿਹੜੇ ਖ਼ਰੀਦ ਕੇਦਰਾਂ ’ਚ ਫ਼ਸਲ ਪੁੱਜੀ ਹੈ, ਵਧੇਰੇ ਨਮੀ ਦਾ ਬਹਾਨਾ ਬਣਾ ਕੇ ਖ਼ਰੀਦ ਨਹੀਂ ਕੀਤੀ ਜਾ ਰਹੀ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਖੇਤੀ ਮੰਤਰੀ ਖੁੱਡੀਆਂ ਦੇ ਪੁੱਤਰ ਸੁਮੀਤ ਸਿੰਘ ਨੂੰ ਚੋਣ ਪ੍ਰਚਾਰ ਦੌਰਾਨ ਪਿੰਡ ਗਿੱਦੜ ’ਚ ਮਿਲ ਕੇ ਕਣਕ ਦੀ ਖ਼ਰੀਦ ਕਰਵਾਉਣ ਦੀ ਮੰਗ ਕੀਤੀ ਸੀ।
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਲੰਘੀ ਰਾਤ ਹਨੇਰੀ ਚੱਲੀ ਅਤੇ ਮੀਂਹ ਪਿਆ। ਇਸ ਨਾਲ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਕਣਕ ਭਿੱਜ ਗਈ ਅਤੇ ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਦੀ ਕਟਾਈ ਦਾ ਕੰਮ ਵੀ ਰੁਕ ਗਿਆ ਹੈ। ਇਸ ਸਮੇਂ ਵਾਢੀ ਦਾ ਕੰਮ ਜ਼ੋਰਾਂ ’ਤੇ ਸੀ। ਕਿਸਾਨ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਮੰਡੀਆਂ ਵਿੱਚ ਭਿੱਜੀ ਕਣਕ ਵਿੱਚ ਨਮੀਂ ਦੀ ਮਾਤਰਾ ਵਧ ਗਈ ਹੈ। ਇਸ ਕਾਰਨ ਤੇਜ਼ ਧੁੱਪ ਲੱਗਣ ਤੋਂ ਬਾਅਦ ਹੀ ਇਸ ਦੀ ਖ਼ਰੀਦ ਸਰਕਾਰੀ ਮਾਪਦੰਡਾਂ ’ਤੇ ਖਰੀ ਉੱਤਰੇਗੀ।

Advertisement

ਕਿਸਾਨਾਂ ਵੱਲੋਂ ਮਾਰਕਫੈੱਡ ਇੰਸਪੈਕਟਰ ਦਾ ਘਿਰਾਓ

ਆਧਿਕਾਰੀ ਦਾ ਘਿਰਾਓ ਕਰ ਕੇ ਬੈਠੇ ਕਿਸਾਨ।

ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਬਠਿੰਡਾ-ਬਾਦਲਰੋਡ ’ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਦੀ ਦਾਣਾ ਮੰਡੀ ਵਿੱਚ ਕਣਕ ਦੀ ਖ਼ਰੀਦ ਨਾ ਹੋਣ ਦੇ ਰੋਸ ਵਜੋਂ ਅੱਕੇ ਹੋਏ ਕਿਸਾਨਾਂ ਨੇ ਮੰਡੀ ਵਿੱਚ ਪਹੁੰਚੇ ਮਾਰਕਫੈੱਡ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਦਾ ਘਿਰਾਓ ਕੀਤਾ। ਕਿਸਾਨਾਂ ਇਕਬਾਲ ਸਿੰਘ ਪਥਰਾਲਾ, ਹਰਸ਼ ਪਥਰਾਲਾ, ਗੁਰਸੇਵਕ ਸਿੰਘ ਆਦਿ ਨੇ ਦੱਸਿਆ ਕਿ ਕਿਸਾਨ ਕਰੀਬ ਦਸ ਦਿਨਾਂ ਕਣਕ ਮੰਡੀ ’ਚ ਲਈ ਬੈਠੇ ਹਨ ਪਰ ਉਨ੍ਹਾਂ ਦੀ ਕਣਕ ਦੀ ਬੋਲੀ ਨਹੀਂ ਲਾਈ ਗਈ। ਇਸ ਸਬੰਧੀ ਮਾਰਕਫੈੱਡ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਜ਼ਿਆਦਾ ਨਮੀਂ ਵਾਲੀ ਫ਼ਸਲ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 12 ਫ਼ੀਸਦੀ ਤੱਕ ਨਮੀ ਦੀ ਖ਼ਰੀਦ ਹੋ ਰਹੀ ਹੈ ਜਦੋਂਕਿ ਮੰਡੀ ਵਿੱਚ ਪਈ ਕਣਕ ਦੀ ਨਮੀ 14 ਤੋਂ 20 ਫ਼ੀਸਦੀ ਤੱਕ ਆ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×