ਮੁੱਖ ਮੰਤਰੀ ਦੀ ਫੇਰੀ ਮੌਕੇ ਆਂਗਣਵਾੜੀ ਵਰਕਰਾਂ ਨੂੰ ਥਾਣੇ ਡੱਕਿਆ
ਜਸਵੀਰ ਸਿੰਘ ਭੁੱਲਰ
ਦੋਦਾ, 27 ਜੁਲਾਈ
ਮਾਲਵਾ ਨਹਿਰ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇਣ ਪੁੱਜੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਪੁਲੀਸ ਨੇ ਮੁੱਖ ਮੰਤਰੀ ਨੂੰ ਮਿਲਣ ਨਹੀਂ ਦਿੱਤਾ। ਇਸੇ ਦੌਰਾਨ ਮੰਗ ਪੱਤਰ ਦੇਣ ਪੁੱਜੀਆਂ ਆਂਗਣਵਾੜੀ ਵਰਕਰਾਂ ਦੀ ਪੁਲੀਸ ਮੁਲਾਜ਼ਮਾਂ ਨਾਲ ਖਿੱਚਧੂਹ ਵੀ ਹੋਈ। ਇਸ ਕਾਰਨ ਇੱਕ ਵਰਕਰ ਦਾ ਮੋਬਾਈਲ ਫੋਨ ਟੁੱਟ ਗਿਆ। ਪੁਲੀਸ ਆਂਗਣਵਾੜੀ ਵਰਕਰਾਂ ਨੂੰ ਫੜ ਕੇ ਕੋਟਭਾਈ ਦੇ ਥਾਣੇ ਵਿੱਚ ਲੈ ਗਈ ਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ। ਜ਼ਿਕਰਯੋਗ ਹੈ ਕਿ ਪੁਲੀਸ ਅਧਿਕਾਰੀ ਇਸ ਦੌਰਾਨ ਮੁਲਾਜ਼ਮ, ਕਿਸਾਨ, ਬੇਰੁਜ਼ਗਾਰ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਇਹ ਕਹਿ ਕੇ ਪਿੰਡ ਭਲਾਈਆਣਾ ਦੀ ਦਾਣਾ ਮੰਡੀ ਵਿੱਚ ਲੈ ਗਏ ਸਨ ਕਿ ਅਹੁਦੇਦਾਰਾਂ ਦੀ ਉੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾ ਦਿੱਤੀ ਜਾਵੇਗੀ। ਉਧਰ, ਆਂਗਣਵਾੜੀ ਵਰਕਰਾਂ ਨੂੰ ਹਿਰਾਸਤ ’ਚ ਲੈਣ ਦਾ ਪਤਾ ਲੱਗਦਿਆਂ ਹੀ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੁਰੰਤ ਕੋਟਭਾਈ ਥਾਣੇ ਪੁੱਜ ਗਈ ਤੇ ਇੱਥੇ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਰਗੋਬਿੰਦ ਕੌਰ ਨੇ ਵਰਕਰਾਂ ਨੂੰ ਥਾਣੇ ਡੱਕਣ ਦੀ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਪੁਲੀਸ ਨੂੰ ਇਨ੍ਹਾਂ ਮਹਿਲਾਵਾਂ ਤੋਂ ਕੀ ਖ਼ਤਰਾ ਹੋ ਸਕਦਾ ਹੈ। ਇਸ ਮਗਰੋਂ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ, ਬਲਾਕ ਮਲੋਟ ਦੀ ਪ੍ਰਧਾਨ ਕਿਰਨਜੀਤ ਕੌਰ ਭੰਗਚੜੀ, ਕਿਰਨਪਾਲ ਕੌਰ ਮਹਾਂਬੱਧਰ ਦੀ ਮਦਦ ਨਾਲ ਥਾਣਾ ਕੋਟਭਾਈ ਤੋਂ ਹਿਰਾਸਤ ਵਿੱਚ ਲਈਆਂ ਕਾਰਕੁਨ ਸੁਖਵਿੰਦਰ ਕੌਰ ਸੰਗੂਧੌਣ, ਮਲਕੀਤ ਕੌਰ, ਪਰਵਿੰਦਰ ਕੌਰ ਮੁਕਤਸਰ, ਨਰਿੰਦਰ ਕੌਰ, ਕਰਮਜੀਤ ਕੌਰ ਭੰਗਚੜੀ, ਜਸਪਾਲ ਕੌਰ ਰੁਪਾਣਾ, ਮਨਜੀਤ ਕੌਰ ਅਤੇ ਭਿੰਦਰ ਕੌਰ ਦੋਦਾ ਨੂੰ ਛੁਡਾਇਆ।