ਆਂਗਣਵਾੜੀ ਵਰਕਰਾਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ’ਤੇ ਧਰਨਾ
ਦੇਵਿੰਦਰ ਸਿੰਘ
ਯਮੁਨਾਨਗਰ, 3 ਜਨਵਰੀ
ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਇੱਥੇ ਜ਼ਿਲ੍ਹਾ ਹੈੱਡਕੁਆਟਰ ’ਤੇ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਕਮਲੇਸ਼ ਦੇਵੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ, ਜਦੋਂਕਿ ਇਹ ਜਾਇਜ਼ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਜ਼ਿਲ੍ਹੇ ਦੀ ਸੀਨੀਅਰ ਮੀਤ ਪ੍ਰਧਾਨ ਰੀਟਾ ਕਤਿਆਲ ਨੇ ਕਿਹਾ ਕਿ ਉਹ ਕਰੀਬ 50 ਸਾਲ ਤੋਂ ਸੇਵਾਵਾਂ ਨਿਭਾਅ ਰਹੀਆਂ ਹਨ ਜਦਕਿ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਆਂਗਣਵਾੜੀ ਵਰਕਰਾਂ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਫਿਰ ਵੀ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਆਂਗਣਵਾੜੀ ਕੇਂਦਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੁਨਿਆਦੀ ਲੋੜਾਂ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ। ਜ਼ਿਲ੍ਹਾ ਸਕੱਤਰ ਮਿਥਿਲੇਸ਼ ਗੁਪਤਾ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇੱਕ ਦਿਨ ਲਈ ਸਾਂਕੇਤਕ ਹੜਤਾਲ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਹੜਤਾਲ ਵਿੱਚ 500 ਤੋਂ ਵੱਧ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਵਿੱਚ ਰਾਦੌਰ ਤੋਂ ਵੀਨਾ, ਜਸਵਿੰਦਰ, ਸਰੋਜ, ਵਿਮਲਾ, ਊਸ਼ਾ, ਸਵਰਨਜੀਤ, ਮੀਨਾ, ਸੁਸ਼ਮਾ, ਸੁਨੀਤਾ, ਛਛਰੌਲੀ ਤੋਂ ਰਮੇਸ਼ ਬੱਤਰਾ, ਬਬੀਤਾ ਸ਼ਰਮਾ, ਇਕਬਾਲ ਕੌਰ, ਸ਼ਕੁੰਤਲਾ, ਜਗਾਧਰੀ ਸ਼ਹਿਰੀ ਤੋਂ ਸੁਨੀਤਾ, ਮੀਨੂੰ, ਕਿਰਨ, ਅੰਗਰੇਜੋ, ਮਿੰਟੋ, ਬਿਲਾਸਪੁਰ ਤੋਂ ਵੰਦਨਾ, ਸ਼ਵੇਤਾ, ਰੇਣੂ, ਸਵਿਤਾ, ਮਮਤਾ, ਬੀਨਾ, ਗੀਤਾ, ਓਮ ਦੇਵੀ, ਰੀਮਨ, ਬ੍ਰਹਮਾਵਤੀ ਅਤੇ ਜਗਾਧਰੀ ਦਿਹਾਤੀ ਤੋਂ ਕਵਿਤਾ ਸ਼ਾਮਲ ਸਨ।