For the best experience, open
https://m.punjabitribuneonline.com
on your mobile browser.
Advertisement

ਆਂਗਣਵਾੜੀ ਵਰਕਰਾਂ ਵੱਲੋਂ ਹੱਕੀ ਮੰਗਾਂ ਲਈ ਬਠਿੰਡਾ ’ਚ ਰੋਸ ਮੁਜ਼ਾਹਰਾ

09:38 AM Feb 03, 2024 IST
ਆਂਗਣਵਾੜੀ ਵਰਕਰਾਂ ਵੱਲੋਂ ਹੱਕੀ ਮੰਗਾਂ ਲਈ ਬਠਿੰਡਾ ’ਚ ਰੋਸ ਮੁਜ਼ਾਹਰਾ
ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਨਾਅਰੇਬਾਜ਼ੀ ਕਰਦੀਆਂ ਹੋਈਆਂ ਆਂਗਣਵਾੜੀ ਵਰਕਰਾਂ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ
ਬਠਿੰਡਾ, 2 ਫਰਵਰੀ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਦੇ ਹਲਕੇ ਬਠਿੰਡਾ ਵਿੱਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਨੁਮਾਇੰਦੇ ਇਕਬਾਲ ਸਿੰਘ ਬਬਲੀ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ ਅਤੇ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਉਠਾਉਣ ਬਾਰੇ ਹਿਸਾਬ ਮੰਗਿਆ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਆਪਣੀ ਜੰਮ ਕੇ ਭੜਾਸ ਕੱਢੀ।
ਬਠਿੰਡਾ ਵਿੱਚ ਰੱਖੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਮੀਤ ਪ੍ਰਧਾਨ ਬਲਰਾਜ ਕੌਰ ਸਕੱਤਰ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਵਿਡ-19 ਮਹਾਂਮਾਰੀ ਅਤੇ ਲਾਕਡਾਊਨ ਦੌਰਾਨ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਲੋਕਾਂ ਤੱਕ ਪੋਸ਼ਣ, ਭੋਜਨ ਅਤੇ ਸਿਹਤ ਸੇਵਾਵਾਂ ਪਹੁੰਚਾਈਆਂ ਹਨ ਪਰ ਭਾਰਤ ਸਰਕਾਰ ਦੁਆਰਾ ਉਨ੍ਹਾਂ ਨਾਲ ਬੇਰਹਿਮ ਅਤੇ ਅਸੰਵੇਦਨਸ਼ੀਲ ਤਰੀਕੇ ਨਾਲ ਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਵਿਡ ਡਿਊਟੀ ਦੌਰਾਨ ਮਰਨ ਵਾਲੀਆਂ ਸੈਂਕੜੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀਆਂ ਮੌਤਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ। ਉਨ੍ਹਾਂ ਹਰਸਿਮਰਤ ਕੌਰ ਬਾਦਲ ਦੇ ਦੁਆਰ ਪਹੁੰਚੇ ਕੇ ਆਪਣੇ ਹੱਕ ਦੀ ਮੰਗ ਕੀਤੀ। ਆਗੂਆਂ ਨੇ ਆਖਿਆ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀਆਂ। ਉਨ੍ਹਾਂ ਹਕੂਮਤ ’ਤੇ ਵਾਅਦਾ ਕਰਕੇ ਮੁੱਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਅਜਿਹੇ ਆਗੂਆਂ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਸਿਆਸਤਦਾਨ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੇ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਮੁੱਖ ਆਗੂਆਂ ਸਮੇਤ ਬਲਜੀਤ ਕੌਰ ਸੇਖਾਂ ਰੁਪਿੰਦਰ ਕੌਰ ਬਾਵਾ ਕਾਂਤ ਰਾਣੀ ਜਸਵਿੰਦਰ ਕੌਰ ਪ੍ਰਕਾਸ਼ ਕੌਰ ਪ੍ਰਤਿਭਾ ਸ਼ਰਮਾ ਅੰਮ੍ਰਿਤਪਾਲ ਕੌਰ ਕ੍ਰਿਸ਼ਨਾ ਔਲਖ ਗੁਰਮੇਲ ਕੌਰ ਵੀਨਾ ਬਿੰਦਰ ਕੌਰ ਮੁਕਤਸਰ ਸ਼ਾਮਲ ਸਨ।

Advertisement

Advertisement
Advertisement
Author Image

joginder kumar

View all posts

Advertisement