ਆਂਗਣਵਾੜੀ ਬੀਬੀਆਂ ਮੰਗਾਂ ਖਾਤਰ ਸੜਕਾਂ ’ਤੇ ਉਤਰੀਆਂ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 10 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨਾਲ ਸਬੰਧਤ ਜ਼ਿਲ੍ਹਾ ਬਠਿੰਡਾ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ। ਵਿਖਾਵਾਕਾਰੀਆਂ ਨੇ ਸਿਰਾਂ ’ਤੇ ਕਾਲੇ ਦੁਪੱਟੇ ਪਹਨਿੇ ਅਤੇ ਹੱਥਾਂ ’ਚ ਕਾਲੇ ਰੰਗ ਦੇ ਗੁਬਾਰੇ ਫੜੇ ਹੋਏ ਸਨ।
ਯੂਨੀਅਨ ਆਗੂ ਪ੍ਰਤਿਭਾ ਸ਼ਰਮਾ ਅਤੇ ਪ੍ਰਕਾਸ਼ ਕੌਰ ਸੋਹੀ ਨੇ ਕਿਹਾ ਕਿ ਉਹ ਅੱਜ ‘ਕਾਲਾ ਦਿਵਸ’ ਮਨਾ ਰਹੀਆਂ ਹਨ ਕਿਉਂ ਕਿ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਾਣ ਭੱਤੇ ’ਚ ਆਪਣੇ ਹਿੱਸੇ ਦੀ ਰਕਮ ਨਹੀਂ ਜਾਰੀ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਮਹੀਨਿਆਂ ਤੋਂ ਉਹ ਮਾਣ ਭੱਤੇ ਦੀ ਉਡੀਕ ’ਚ ਹਨ ਪਰ ਕੇਂਦਰ ਸਰਕਾਰ ਨੇ ਆਂਗਣਵਾੜੀ ਖੇਤਰ ਲਈ ਆਪਣੇ ਬਜਟ ’ਚ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਵਾਧਾ ਹੁੰਦਾ ਹੈ ਪਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਆਂਗਣਵਾੜੀ ਕਰਮਚਾਰੀਆਂ ਦਾ ਮਾਣ ਭੱਤਾ ਸਰਕਾਰ ਨੇ ਘੱਟ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 5 ਅਗਸਤ ਤੱਕ ਕੋਈ ਹਿਲਜੁਲ ਨਾ ਹੋਈ ਤਾਂ 9 ਅਗਸਤ ਤੋਂ ਕੇਂਦਰ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
ਮਾਨਸਾ (ਪੱਤਰ ਪ੍ਰੇਰਕ): ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕਾਲੇ ਚੌਲੇ ਅਤੇ ਹੱਥਾਂ ਵਿੱਚ ਕਾਲੇ ਗੁਬਾਰੇ ਫੜ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਕੇਂਦਰ ਸਰਕਾਰ, ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕਰ ਰਹੀ ਹੈ।