ਆਂਗਣਵਾੜੀ ਬੀਬੀਆਂ ਵੱਲੋਂ ਬਿੱਟੂ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ
ਸ਼ਗਨ ਕਟਾਰੀਆ/ਜੋਗਿੰਦਰ ਸਿੰਘ ਮਾਨ
ਬਠਿੰਡਾ/ਮਾਨਸਾ, 24 ਸਤੰਬਰ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ 2 ਅਕਤੂਬਰ ਨੂੰ ਭਾਜਪਾ ਦੇ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਲੁਧਿਆਣਾ ਸਥਿਤ ਰਿਹਾਇਸ਼ ਦਾ ਘਿਰਾਓ ਕਰੇਗੀ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ 2 ਅਕਤੂਬਰ 1975 ਨੂੰ ਦੇਸ਼ ਭਰ ਵਿੱਚ ਆਂਗਣਵਾੜੀ ਸੈਂਟਰ ਖੋਲ੍ਹੇ ਗਏ ਸਨ ਅਤੇ ਹੁਣ 2 ਅਕਤੂਬਰ ਨੂੰ 49 ਸਾਲ ਹੋ ਜਾਣਗੇ। ਉਨ੍ਹਾਂ ਕਿਹਾ ਪਰ ਇੰਨੇ ਲੰਮੇ ਸਮੇਂ ਵਿੱਚ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ ਜਦੋਂ ਕਿ ਬਾਕੀ ਵਿਭਾਗਾਂ ਦੇ ਸਾਰੇ ਮੁਲਾਜ਼ਮ ਪੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਇੱਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵਰਕਰ ਨੂੰ 4500 ਅਤੇ ਹੈਲਪਰ ਨੂੰ 2250 ਰੁਪਏ ਦੇ ਕੇ ਦੇਸ਼ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸ਼ੋਸ਼ਣ ਕਰ ਰਹੀ ਹੈ।
ਮਾਨਸਾ ਜ਼ਿਲ੍ਹਾ ਇਕਾਈ ਦੀ ਚੋਣ
ਇਸੇ ਦੌਰਾਨ ਜ਼ਿਲ੍ਹਾ ਮਾਨਸਾ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ, ਜਿਸ ਦੌਰਾਨ ਬਲਵੀਰ ਕੌਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਇਸ ਚੋਣ ਦੌਰਾਨ ਬਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ ਮੂਸਾ ਮੀਤ ਪ੍ਰਧਾਨ, ਗੁਰਮੇਲ ਕੌਰ ਰਾਏਪੁਰ ਨੂੰ ਮੀਤ ਪ੍ਰਧਾਨ, ਸੁਰਿੰਦਰ ਕੌਰ ਜੌੜਕੀਆਂ ਜਰਨਲ ਸਕੱਤਰ, ਵੀਰਪਾਲ ਕੌਰ ਉੱਡਤ ਵਿੱਤ ਸਕੱਤਰ, ਸਿਮਰਜੀਤ ਕੌਰ ਮੀਤ ਪ੍ਰਧਾਨ,ਮਲਕੀਤ ਕੌਰ ਬੁਰਜ ਨੂੰ ਪ੍ਰੈਸ ਸਕੱਤਰ, ਸੈਲਜਾ ਮਾਨਸਾ ਨੂੰ ਮੀਤ ਸਕੱਤਰ, ਕਮਲਜੀਤ ਕੌਰ ਨੂੰ ਮੀਤ ਸਕੱਤਰ, ਪ੍ਰੀਤ ਕੌਰ ਮਾਨਸਾ, ਕਿਰਨਜੀਤ ਕੌਰ ਝੁਨੀਰ, ਸੁਖਬੀਰ ਕੌਰ ਝੁਨੀਰ ਤੇ ਗੁਰਵੀਰ ਕੌਰ ਜੋੜਕੀਆਂ ਨੂੰ ਕਮੇਟੀ ਮੈਂਬਰ ਬਣਾਇਆ ਗਿਆ।