ਆਂਗਣਵਾੜੀ ਯੂਨੀਅਨ ਦਾ ਵਫ਼ਦ ਡਾਇਰੈਕਟਰ ਨੂੰ ਮਿਲਿਆ
ਕੁਲਦੀਪ ਸਿੰਘ
ਚੰਡੀਗੜ੍ਹ, 4 ਫਰਵਰੀ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਅੱਜ ਚੰਡੀਗੜ੍ਹ ਵਿੱਚ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਡਾ. ਸ਼ੀਨਾ ਅਗਰਵਾਲ ਨਾਲ ਮੀਟਿੰਗ ਕੀਤੀ।
ਜਥੇਬੰਦੀ ਨੇ ਮੰਗ ਕੀਤੀ ਕਿ ਬਾਲ ਭਲਾਈ ਕੌਂਸਲ ਅਧੀਨ ਚੱਲ ਰਹੇ ਤਿੰਨ ਬਲਾਕਾਂ ਬਠਿੰਡਾ, ਸਿੱਧਵਾਂ ਬੇਟ ਅਤੇ ਤਰਸਿੱਕਾ ਨੂੰ ਮੁੱਖ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਪਿਛਲੇ 17 ਮਹੀਨਿਆਂ ਦਾ ਰਹਿੰਦਾ ਬਕਾਇਆ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਜਾਵੇ, ਆਂਗਣਵਾੜੀ ਕੇਂਦਰਾਂ ਦੇ ਬੱਚੇ ਜੋ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਹਨ ਨੂੰ ਵਾਪਸ ਕੇਂਦਰਾਂ ਵਿੱਚ ਭੇਜਿਆ ਜਾਵੇ, ਨਵੀਂ ਸਿੱਖਿਆ ਨੀਤੀ ਅਨੁਸਾਰ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਸੀਬੀਈ ਦੀਆਂ ਮੀਟਿੰਗਾਂ ਅਤੇ ਪੋਸ਼ਣ ਟਰੈਕਰ ’ਤੇ ਕੰਮ ਕਰਨ ਬਦਲੇ ਬਣਦੇ ਪੈਸੇ ਦਿੱਤੇ ਜਾਣ, ਵਰਕਰਾਂ ਤੇ ਹੈਲਪਰਾਂ ਦੀਆਂ ਬਦਲੀਆਂ, ਤਰੱਕੀਆਂ ਅਤੇ ਆਸ਼ਰਿਤ ਨੂੰ ਨੌਕਰੀਆਂ ਉੱਤੇ ਲਗਾਈ ਗਈ ਰੋਕ ਹਟਾਈ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਮਾੜਾ ਰਾਸ਼ਨ ਬੰਦ ਕਰ ਕੇ ਲਾਭਪਾਤਰੀਆਂ ਲਈ ਵੇਰਕਾ ਦਾ ਰਾਸ਼ਨ ਭੇਜਿਆ ਜਾਵੇ।
ਡਾਇਰੈਕਟਰ ਨੇ ਵਫ਼ਦ ਨੂੰ ਕਿਹਾ ਕਿ ਐਨਜੀਓ ਵਾਲਾ ਕੇਸ ਚੱਲ ਰਿਹਾ ਹੈ, ਜਲਦ ਹੀ ਇਹ ਨੇਪਰੇ ਚਾੜ੍ਹਿਆ ਜਾਵੇਗਾ, ਵਰਕਰਾਂ ਤੇ ਹੈਲਪਰਾਂ ਨੂੰ 9 ਮਹੀਨਿਆਂ ਦਾ ਬਕਾਇਆ ਜਲਦ ਅਤੇ 8 ਮਹੀਨਿਆਂ ਦਾ ਬਾਅਦ ਵਿੱਚ ਦਿੱਤਾ ਜਾਵੇਗਾ, ਸੈਂਟਰਾਂ ਦੇ ਬੱਚੇ ਵਾਪਸ ਕਰਵਾਉਣ ਲਈ ਕੋਸ਼ਿਸ਼ ਜਾਰੀ ਹੈ, ਵਰਕਰਾਂ ਨੂੰ ਈਸੀਸੀ ਦੀ ਟ੍ਰੇਨਿੰਗ ਕਰਵਾਈ ਜਾਵੇਗੀ ਅਤੇ ਬਦਲੀਆਂ ਤੇ ਤਰੱਕੀਆਂ ’ਤੇ ਲੱਗੀ ਰੋਕ ਹਟਾਉਣ ਲਈ ਪੱਤਰ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਸੈਂਟਰਾਂ ਵਿੱਚ ਆ ਰਹੇ ਮਾੜੇ ਰਾਸ਼ਨ ਬਾਰੇ ਆਗੂਆਂ ਦੇ ਸੁਝਾਅ ਲਏ ਗਏ।