ਅੰਗਦ ਬੇਦੀ ਵੱਲੋਂ ਪਤਨੀ ਨੇਹਾ ਧੂਪੀਆ ਨੂੰ ਜਨਮ ਦਿਨ ਦੀ ਵਧਾਈ
ਮੁੰਬਈ:
ਅਦਾਕਾਰ ਅੰਗਦ ਬੇਦੀ ਨੇ ਆਪਣੀ ਪਤਨੀ ਅਦਾਕਾਰਾ ਨੇਹਾ ਧੂਪੀਆ ਨੂੰ ਉਸ ਦੇ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ ਹਨ। ਅੰਗਦ ਨੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਮਾਲਦੀਵ ਦੌਰੇ ਦੀਆਂ ਕੁਝ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਅੰਗਦ ਨੂੰ ਨੇਹਾ ਦਾ ਮੱਥਾ ਚੁੰਮਦਿਆਂ ਦੇਖਿਆ ਜਾ ਸਕਦਾ ਹੈ। ਇਕ ਵੀਡੀਓ ਵਿੱਚ ਨੇਹਾ ਬਿਸਤਰੇ ’ਤੇ ਸੁੱਤੀ ਪਈ ਹੈ ਅਤੇ ਉਸ ਨੇ ਆਪਣੇ ਪੁੱਤਰ ਗੁਰਇਕ ਨੂੰ ਜੱਫੀ ਪਾਈ ਹੋਈ ਹੈ ਤੇ ਇਸੇ ਦੌਰਾਨ ਅੰਗਦ ਹੌਲੀ ਜਿਹੀ ‘ਹੈਪੀ ਬਰਥਡੇ ਮਿਸਿਜ਼ ਬੇਦੀ’ ਕਹਿੰਦਾ ਹੈ। ਉਹ ਮੁਸਕਰਾਉਂਦਾ ਹੋਇਆ ਨੇਹਾ ਨੂੰ ਹੌਲੀ-ਹੌਲੀ ਉਸ ਨੂੰ ਜਗਾਉਂਦਾ ਹੈ। ਅੰਗਦ ਨੇ ਆਖਿਆ, ‘ਇਕ ਕਾਮਯਾਬ ਔਰਤ, ਸਾਡੇ ਬੱਚਿਆਂ ਦੀ ਮਾਂ, ਘਰ ਬਣਾਉਣ ਵਾਲੀ ਤੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਔਰਤ ਨੂੰ ਜਨਮ ਦਿਨ ਦੀ ਵਧਾਈ। ਬ੍ਰਹਿਮੰਡ ਦੀ ਖੂਬਸੂਰਤ ਔਰਤ ਨੂੰ ਢੇਰ ਸਾਰਾ ਪਿਆਰ।’’ ਇਸ ਪੋਸਟ ’ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਸਿਨੇ ਜਗਤ ਦੀਆਂ ਹਸਤੀਆਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸਿਧਾਂਤ ਚਤੁਰਵੇਦੀ ਅਤੇ ਮਲਾਇਕਾ ਅਰੋੜਾ ਨੇ ਵੀ ਨੇਹਾ ਨੂੰ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨੇਹਾ ਅਤੇ ਅੰਗਦ ਨੇ ਮਈ 2018 ਵਿੱਚ ਗੁਰਦੁਆਰੇ ਵਿੱਚ ਵਿਆਹ ਕਰਵਾਇਆ ਸੀ। ਉਸੇ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਘਰ ਧੀ ਮਿਹਰ ਨੇ ਜਨਮ ਲਿਆ। ਫਿਰ ਅਕਤੂਬਰ 2021 ਵਿੱਚ ਉਨ੍ਹਾਂ ਦੇ ਘਰ ਪੁੱਤਰ ਗੁਰਇਕ ਦਾ ਜਨਮ ਹੋਇਆ। -ਏਐੱਨਆਈ