ਆਂਧਰਾ ਪ੍ਰਦੇਸ਼: ਵਿਦਿਆਰਥਣਾਂ ਦੇ ਵਾਸ਼ਰੂਮ ’ਚੋਂ ਕੈਮਰਾ ਮਿਲਣ ’ਤੇ ਕਾਲਜ ਵਿੱਚ ਜ਼ੋਰਦਾਰ ਮੁਜ਼ਾਹਰੇ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 30 ਅਗਸਤ
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਐੱਸਆਰ ਗੁੜਲਾਵੱਲੇਰੂ ਇੰਜਨੀਅਰਿੰਗ ਕਾਲਜ ਵਿਚ ਵਿਦਿਆਰਥਣਾਂ ਦੇ ਵਾਸ਼ਰੂਮ ਵਿਚ ਲੁਕਵਾਂ ਕੈਮਰਾ ਲੱਗਿਆ ਹੋਇਆ ਪਾਏ ਜਾਣ ’ਤੇ ਵਿਦਿਆਰਥੀਆਂ ਨੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ।
ਦੱਸਿਆ ਜਾਂਦਾ ਹੈ ਕਿ ਕੈਮਰੇ ਰਾਹੀਂ ਵਿਦਿਆਰਥਣਾਂ ਦੀ ਗੁਪਤ ਢੰਗ ਨਾਲ ਰਿਕਾਰਡਿੰਗ ਕੀਤੀ ਜਾ ਰਹੀ ਸੀ। ਇਸ ਵੀ ਦੋਸ਼ ਹੈ ਕਿ ਅਜਿਹੀਆਂ ਵੀਡੀਓ ਕਲਿੱਪਾਂ ਨੂੰ ਬਾਅਦ ਵਿਚ ਕੁਝ ਵਿਦਿਆਰਥੀਆਂ ਨੂੰ ਵੇਚਿਆ ਜਾਂਦਾ ਸੀ।
ਇਹ ਪਤਾ ਲੱਗਣ ’ਤੇ ਵਿਦਿਆਰਥਣਾਂ ਵਿਚ ਰੋਸ ਫੈਲ ਗਿਆ ਅਤੇ ਉਨ੍ਹਾਂ ਵੀਰਵਾਰ ਅੱਧੀ ਰਾਤ ਨੂੰ ਇਸ ਘਟਨਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪ੍ਰਬੰਧਕਾਂ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਖਾਣ ਮੰਤਰੀ ਕੇ ਰਵਿੰਦਰ ਅਤੇ ਜ਼ਿਲ੍ਹੇ ਦੇ ਕੁਲੈਕਟਰ ਤੇ ਪੁਲੀਸ ਮੁਖੀ ਨੂੰ ਕਾਲਜ ਦਾ ਦੌਰਾ ਕਰ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਦੇ ਹੁਕਮ ਵੀ ਦਿੱਤੇ ਹਨ।