ਆਂਧਰਾ ਪ੍ਰਦੇਸ਼: ਫਾਰਮਾ ਯੂਨਿਟ ’ਚ ਅੱਗ ਲੱਗਣ ਨਾਲ 13 ਹਲਾਕ
ਅਚਯੁਤਾਪੁਰਮ (ਆਂਧਰਾ ਪ੍ਰਦੇਸ਼), 21 ਅਗਸਤ
ਇਥੇ ਫਾਰਮਾਸਿਊਟੀਕਲ ਯੂਨਿਟ ਵਿਚ ਧਮਾਕੇ ਮਗਰੋਂ ਲੱਗੀ ਅੱਗ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 33 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਮੁੱਖ ਮੰਤਰੀ ਐੱਨ.ਚੰਦਰਬਾਬੂ ਨਾਇਡੂ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਅਨਕਾਪੱਲੀ ਦੇ ਜ਼ਿਲ੍ਹਾ ਕੁਲੈਕਟਰ ਵਿਜਯਾ ਕ੍ਰਿਸ਼ਨਨ ਨੇ ਕਿਹਾ ਕਿ ਜ਼ਿਲ੍ਹੇ ਦੇ ਅਚਯੁਤਾਪੁਰਮ ਵਿਚ ਐਸਾਇੰਟੀਆ ਐਡਵਾਂਸਡ ਸਾਇੰਸਜ਼ ਪ੍ਰਾਈਵੇਟ ਲਿਮਟਿਡ ਦੇ ਇਕ ਯੂਨਿਟ ਵਿਚ ਬਾਅਦ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਕ੍ਰਿਸ਼ਨਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਫੈਕਟਰੀ ਵਿਚ ਦੋ ਸ਼ਿਫਟਾਂ ਵਿਚ 381 ਮੁਲਾਜ਼ਮ ਕੰਮ ਕਰਦੇ ਹਨ। ਧਮਾਕਾ ਦੁਪਹਿਰ ਦੇ ਖਾਣੇ ਮੌਕੇ ਹੋਇਆ, ਜਿਸ ਕਰਕੇ ਉਥੇ ਬਹੁਤਾ ਸਟਾਫ਼ ਮੌਜੂਦ ਨਹੀਂ ਸੀ।’’ ਉਨ੍ਹਾਂ ਕਿਹਾ ਕਿ ਧਮਾਕਾ ਸ਼ਾਰਟ ਸਰਕਟ ਕਾਰਨ ਹੋਇਆ ਜਾਪਦਾ ਹੈ। ਕੁੱਲ ਮਿਲਾ ਕੇ 33 ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਦੀ ਮਦਦ ਲਈ ਗਈ। ਕੁਲੈਕਟਰ ਨੇ ਕਿਹਾ ਕਿ ਯੂਨਿਟ ਵਿਚ ਫਸੇ 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। -ਪੀਟੀਆਈ