Andhra High Court ਨੇ ਹਮਜਿਨਸੀ ਮਹਿਲਾ ਜੋੜੇ ਨੂੰ ਦਿੱਤਾ ਇਕੱਠੇ ਰਹਿਣ ਦਾ ਅਧਿਕਾਰ, ਮਾਪਿਆਂ ਨੂੰ ‘ਦਖ਼ਲ’ ਤੋਂ ਵਰਜਿਆ
ਅਮਰਾਵਤੀ, 19 ਦਸੰਬਰ
ਆਂਧਰਾ ਪ੍ਰਦੇਸ਼ ਹਾਈ ਕੋਰਟ (Andhra Pradesh High Court) ਨੇ ਹਮਜਿਨਸੀ ਮੁਟਿਆਰਾਂ ਜੋੜੇ ਦੇ ਇਕੱਠੇ ਰਹਿਣ ਦੇ ਅਧਿਕਾਰ ਨੂੰ ਕਾਇਮ ਰੱਖਦਿਆਂ ਕਿਹਾ ਹੈ ਕਿ ਕਿਸੇ ਨੂੰ ਵੀ ਆਪਣਾ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਹਾਸਲ ਹੈ। ਜਸਟਿਸ ਆਰ ਰਘੁਨੰਦਨ ਰਾਓ (Justice R Raghunandan Rao) ਅਤੇ ਕੇ ਮਹੇਸ਼ਵਰ ਰਾਓ (Justice K Maheswara Rao) ਦੇ ਬੈਂਚ ਨੇ ਇਹ ਹੁਕਮ ਕਵਿਤਾ (ਬਦਲਿਆ ਨਾਂ) ਨਾਮੀ ਮੁਟਿਆਰ ਵੱਲੋਂ ਆਪਣੀ ਸਾਥਣ ਲਲਿਤਾ (ਬਦਲਿਆ ਨਾਂ) ਨੂੰ ਪੇਸ਼ ਕਰਨ ਲਈ ਦਾਇਰ ਇੱਕ ਹੈਬੀਅਸ ਕਾਰਪਸ ਪਟੀਸ਼ਨ (habeas corpus petition) ਦੀ ਸੁਣਵਾਈ ਕਰਦਿਆਂ ਸੁਣਾਏ ਹਨ।
ਇਸ ਪਟੀਸ਼ਨ ਵਿੱਚ ਪਟੀਸ਼ਨਰ ਕਵਿਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਸਾਥਣ ਲਲਿਤਾ ਨੂੰ ਉਸ ਦੇ ਪਿਤਾ ਨੇ ਉਸਦੀ ਇੱਛਾ ਦੇ ਖ਼ਿਲਾਫ਼ ਬੰਦੀ ਬਣਾ ਕੇ ਨਰਸੀਪਟਨਮ ਸਥਿਤ ਆਪਣੇ ਘਰ ਵਿਚ ਰੱਖਿਆ ਹੋਇਆ ਹੈ। ਅਦਾਲਤ ਨੇ ਮੰਗਲਵਾਰ ਨੂੰ ਲਲਿਤਾ ਦੇ ਮਾਪਿਆਂ ਨੂੰ ਜੋੜੇ ਦੇ ਰਿਸ਼ਤੇ ਵਿੱਚ ਦਖਲ ਨਾ ਦੇਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਧੀ ਬਾਲਗ ਹੈ ਅਤੇ ਉਹ ਆਪਣੇ ਫੈਸਲੇ ਖੁਦ ਲੈ ਸਕਦੀ ਹੈ। ਗ਼ੌਰਤਲਬ ਹੈ ਕਿ ਇਹ ਜੋੜਾ ਪਿਛਲੇ ਇੱਕ ਸਾਲ ਤੋਂ ਵਿਜੇਵਾੜਾ ਵਿੱਚ ‘ਇਕੱਠਿਆਂ ਰਹਿ ਰਿਹਾ ਹੈ’।
ਕਵਿਤਾ ਵੱਲੋਂ ਪਹਿਲਾਂ ਕੀਤੀ ਗਈ ਗੁੰਮਸ਼ੁਦਗੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲੀਸ ਨੇ ਲਲਿਤਾ ਨੂੰ ਉਸ ਦੇ ਪਿਤਾ ਦੇ ਘਰੋਂ ਲੱਭ ਲਿਆ ਅਤੇ ਉਸ ਨੂੰ ਆਜ਼ਾਦ ਕਰਵਾਇਆ ਸੀ। ਇਸ ਤੋਂ ਬਾਅਦ ਉਸ ਨੂੰ 15 ਦਿਨਾਂ ਲਈ ਇੱਕ ਭਲਾਈ ਘਰ ਵਿੱਚ ਰੱਖਿਆ ਗਿਆ ਹਾਲਾਂਕਿ ਉਸ ਨੇ ਪੁਲੀਸ ਨੂੰ ਸਾਫ਼ ਕਿਹਾ ਸੀ ਕਿ ਉਹ ਬਾਲਗ਼ ਹੈ ਅਤੇ ਆਪਣੀ ਸਾਥਣ (ਕਵਿਤਾ) ਨਾਲ ਰਹਿਣਾ ਚਾਹੁੰਦੀ ਹੈ।
ਲਲਿਤਾ ਨੇ ਸਤੰਬਰ ਵਿੱਚ ਆਪਣੇ ਪਿਤਾ ਵਿਰੁੱਧ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਸ ਦੇ ਮਾਪੇ ਉਸ ਨੂੰ ਰਿਸ਼ਤੇ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਤੰਗ ਕਰ ਰਹੇ ਹਨ। ਪੁਲੀਸ ਦੇ ਦਖਲ ਤੋਂ ਬਾਅਦ ਲਲਿਤਾ ਵਿਜੇਵਾੜਾ ਵਾਪਸ ਆ ਗਈ ਅਤੇ ਕੰਮ 'ਤੇ ਜਾਣ ਲੱਗ ਪਈ ਅਤੇ ਅਕਸਰ ਆਪਣੀ ਸਾਥਣ ਨੂੰ ਮਿਲਦੀ ਸੀ।
ਇਸ ਕਾਰਨ ਲਲਿਤਾ ਦੇ ਪਿਤਾ ਇੱਕ ਵਾਰ ਫਿਰ ਉਸਦੇ ਘਰ ਆਏ ਅਤੇ ਧੀ ਨੂੰ ਜ਼ਬਰਦਸਤੀ ਇੱਕ ਵਾਹਨ ਵਿੱਚ ਬਿਠਾ ਕੇ ਲੈ ਗਏ। ਇਸ ’ਤੇ ਕਵਿਤਾ ਨੇ ਲਲਿਤਾ ਦੇ ਪਿਤਾ ਖ਼ਿਲਾਫ਼ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੂੰ "ਗੈਰ-ਕਾਨੂੰਨੀ ਢੰਗ ਨਾਲ" ਹਿਰਾਸਤ ਵਿੱਚ ਰੱਖਿਆ ਗਿਆ ਹੈ। -ਪੀਟੀਆਈ