ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

... ਤੇ ਗੀਤ ਗੁਆਚ ਗਿਆ!

06:38 AM Nov 07, 2023 IST

ਬਲਵਿੰਦਰ ਸੰਧੂ

ਉਸ ਕੋਲ ਗੀਤਾਂ ਦੇ ਅਨੇਕ ਮੁਖੜੇ ਸਨ ਪਰ ਕਿਧਰੇ, ਕਦੇ, ਕਤਿੇ ਵੀ ਕੋਈ ਕਾਵਿ-ਪਿੜ ਜੁੜਦਾ ਤਾਂ ਉਹ ਆਪਣੀ ਹਿੱਕ ’ਤੇ ਲੱਗੇ ਬੋਝੇ ਵਿਚੋਂ ਉਹੋ ਗੀਤ ਹੀ ਕੱਢ ਮੁਖੜਾ ਅਹਿਲਾਉਣ ਲੱਗਦਾ ਜੋ ਉਸ ਅਣਗਣਤਿ ਵਾਰ ਪਹਿਲਾਂ ਵੀ ਦੁਹਰਾਇਆ ਹੁੰਦਾ: “ਮੇਰਾ ਐਸਾ ਗੀਤ ਗੁਆਚ ਗਿਆ, ਜਿਹਦੀ ਰੂਹ ਵਿਚ ਸੂਰਜ ਰੌਸ਼ਨ ਸੀ, ਜਿਹਦਾ ਮੁਖੜਾ ਸੀ ਪਰਭਾਤ ਜਿਹਾ।”
ਹਵਾ ਵਿਚ ਤੈਰਦੇ ਉਹਦੇ ਇਨ੍ਹਾਂ ਬੋਲਾਂ ਨੂੰ ਸੁਣ, ਇਸ ਵੇਲੇ ਮੇਰੇ ਮੱਥੇ ’ਚ ਕਬੀਰ ਸਾਹਿਬ ਦਾ ਮਹਾਂ ਵਾਕ ਉਤਰਦਾ ਹੈ:
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ।।
ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ।।
ਪਿਆਰੇ ਅਜੀ਼ਮ ਸ਼ਾਇਰ ਪ੍ਰੋ. ਅਨੂਪ ਵਿਰਕ ਦਾ ਪਹਿਲਾਂ ਗੀਤ ਗੁਆਚਾ, ਫਿਰ ਪਿੰਡ, ਤਦ ਸ਼ਹਿਰ, ਮਗਰੋਂ ਦੇਸੁ, ਬਾਅਦ ’ਚ ਉਹ ਭੋਇੰ ਜੋ ਉਸ ਨੂੰ ਕਦੇ ਆਪਣੀ ਨਾ ਜਾਪੀ... ਤੇ ਆਖ਼ਰ ਇਹ ਗ੍ਰਹਿ ਧਰਤ ਵੀ ਜਿਸ ਤੋਂ ਵਿਛੜ ਕੇ ਆਪਣੇ ਗੁਆਚੇ ਗੀਤ ਨੂੰ ਲੱਭਦਾ ਉਹ ਆਪ ਵੀ ਵਿਰਾਟ ਕਾਇਨਾਤ ਵਿਚ ਗੁਆਚ ਗਿਆ। ਆਪਣੀ ਉਮਰਾ ਦਾ ਚੁਖੇਰਾ ਹਿੱਸਾ ਉਹ ਆਪਣੀ ਮਾਂ ਮਿੱਟੀ ਤੇ ਬੋਲੀ ਦੀ ਪਰਕਰਮਾ ਕਰਦਾ ਰਿਹਾ, ਗੀਤ ਰਚਦਾ ਰਿਹਾ, ਗੀਤਾਂ ’ਚ ਵਿਚਰਦਾ ਰਿਹਾ। ਉਹ ਅਕਸਰ ਆਖਦਾ:
ਗੀਤ ਪਤਿਾ, ਗੀਤ ਮੇਰੀ ਮਾਤਾ, ਮੈਂ ਜਨਮ ਗੀਤ ਦਾ ਪਾਇਆ,
ਧਰਤੀ ਪੌਣ ਪਾਣੀ ਬਸੰਤਰ, ਮੈਂ ਗੀਤਾਂ ਵਾਂਗ ਹੰਡਾਇਆ।
ਉਸ ਅੰਦਰ ਉਹੋ ਵਿਗੋਚਾ ਸੀ ਜਿਸ ਵਿਗੋਚੇ ਦੀ ਪੀੜ ਵਿਚ ਪ੍ਰੋ. ਪੂਰਨ ਸਿੰਘ ਹੂਕਦਾ ਸੀ:
ਆ ਪੰਜਾਬ ਪਿਆਰ ਤੂੰ ਮੁੜ ਆ।
ਇਹ ਚਿਰੋਕਣੀ ਤਾਂਘ ਉਹਦੇ ਧੁਰ ਹਿਰਦੇ ਵਿਚ ਬੈਠੀ ਵਿਲਕਦੀ ਰਹੀ। ਉਹਦਾ ਗੁਆਚਾ ਹੋਇਆ ਗੀਤ ਕਾਗਜ਼ ’ਤੇ ਲਿਖਿਆ ਹੋਇਆ, ਰਸੀਲੇ ਸ਼ਬਦਾਂ ’ਚ ਪਰੋਇਆ ਮਹਜਿ਼ ਅਲਫਾਜ਼ੀ ਗੀਤ ਨਹੀਂ ਸੀ ਬਲਕਿ ਇਸ ਵਿਚ ਗੁਆਚੀ ਹੋਈ ਉਸ ਦੀ ਸਰਜ਼ਮੀਨ, ਗੁਆਚੇ ਹੋਏ ਮਿੱਠੜੇ ਨੀਰ ਤੇ ਸੱਕੜੇ ਵੀਰ, ਬਾਗ ਪਰਿਵਾਰ ਤੇ ਗੁਆਚਾ ਹੋਇਆ ਸਭਿਆਚਾਰ ਬੋਲਦਾ ਹੈ। ਇਸੇ ਲਈ ਅਨੂਪ ਵਿਰਕ ਅੰਦਰੋਂ ਇਹ ਵਿਗੋਚੇ ਦੀ ਧੁਨੀ ਤਾ-ਉਮਰ ਉੱਠਦੀ ਰਹੀ। ਉਸ ਨੇ ਅਨੇਕਾਂ ਮੌਸਮ ਹੰਢਾਏ। ਅਣਗਿਣਤ ਰੁੱਤਾਂ ਮਾਣੀਆਂ। ਸੱਤਾ ਵੱਲੋਂ ਮਾਂ ਬੋਲੀ ਨੂੰ ਮਿਲਿਆ ਮਤਰੇਇਆਂ ਵਾਲਾ ਸਲੂਕ ਉਸ ਦੀ ਛਾਤੀ ਹੇਠ ਸੁਲਘਦਾ ਰਿਹਾ। ਅੰਤਲੇ ਸਾਹਾਂ ਤੱਕ ਹਿੱਕ ’ਤੇ ਗਏ ਪੁੱਤਰ ਦਾ ਸਿਵਾ ਬਲ਼ਦਾ ਰਿਹਾ। ਪੰਜਾਬੀ ਕਵਤਿਾ ’ਚੋਂ ਦਿਨੋ-ਦਿਨੀਂ ਲੋਪ ਹੋ ਰਹੀ ਸੰਗੀਤਕ ਲੈਅ ਉਸ ਨੂੰ ਡਾਢਾ ਵਿਆਕੁਲ ਕਰਦੀ। ਨਵੇਂ ਪੋਚ ਦੀ ਕਵਤਿਾ ਉਹਦੇ ਫਰਮੇ ਦੇ ਮੇਚ ਨਾ ਆਉਂਦੀ। ਨਵੇਂ ਮੁਹਾਂਦਰੇ ਦਾ ਕਦੀ ਉਹ ਮੱਥਾ ਚੁੰਮਦਾ ਤੇ ਕਦੇ ਵਗਾਹ ਕੇ ਪਰ੍ਹਾਂ ਮਾਰਦਾ। ਵਿਡੰਬਨਾ ਰੂਹ ਨੂੰ ਡੰਗ ਮਾਰਦੀ। ਫਿਰ ਵੀ ਉਸ ਨੇ ਮਿੱਤਰਾਂ ਪਿਆਰਿਆਂ ਦੀਆਂ ਮਹਿਫਲਾਂ ਦਾ ਸ਼ਿੰਗਾਰ ਬਣਦਿਆਂ, ਸ਼੍ਰੋਮਣੀ ਕਵੀ ਦਾ ਹਾਰ ਗਲ ’ਚ ਪਾਉਂਦਿਆਂ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਰਥੀ ਹੁੰਦਿਆਂ, ਹਰ ਉਮਰ ਦੇ ਨਿੱਕਿਆਂ ਵੱਡਿਆਂ ਨਾਲ ਮੇਲ ਮੇਚਦਿਆਂ ਆਪਣੀ ਹਯਾਤੀ ਦੇ ਸਾਢੇ ਸੱਤ ਦਹਾਕੇ ਮਨ ਮਰਜ਼ੀ ਦੇ ਹੰਢਾਏ। ਜੇਬ ਦਾ ਕੰਜੂਸ (ਜਮਾਂਦਰੂ ਮਰਜ਼ੀ) ਹੁੰਦਿਆਂ ਵੀ ਉਸ ਦੇ ਸਨੇਹੀਆਂ ਦਾ ਘੇਰਾ ਵਸੀਹ ਰਿਹਾ। ਘੁੰਗਰੂਆਂ ਜਿਹੀ ਟੁਣਕਾਰ ਵਾਲੀ ਉਹਦੀ ਆਵਾਜ਼ ਰੁੱਸਿਆਂ ਨੂੰ ਮੋੜ ਮੋੜ ਆਪਣੇ ਟਿੱਲੇ ’ਤੇ ਲਿਆਉਂਦੀ ਰਹੀ। ਉਹਦਾ ਰੋਸ਼ਨ ਮੱਥਾ ਤੇ ਚਿੱਟਿਆਂ ਦੰਦਾਂ ਦਾ ਹਾਸਾ ਮਸੋਸੇ ਮੁਖੜਿਆਂ ਤੋਂ ਉਦਾਸੀਆਂ ਝਾੜ ਦਿੰਦਾ। ਉਸ ਕੋਲ ਲਤੀਫਿਆਂ ਦਾ ਵੱਡਾ ਸਰਮਾਇਆ ਹੀ ਨਹੀਂ, ਇਨ੍ਹਾਂ ਨੂੰ ਆਵਾਜ਼ ਦੇਣ ਦਾ ਹੁਨਰ ਵੀ ਬਾਕਮਾਲ ਸੀ। ਉਹ ਕਈ ਕਈ ਵਾਰ ਆਪਣੇ ਆਪ ’ਤੇ ਗਿਲਾ ਵੀ ਕਰਦਾ ਕਿ ਉਸ ਦੀ ਲਤੀਫੇਬਾਜੀ਼, ਉਸ ਦੀ ਕਾਵਿਕਾਰੀ ਤੋਂ ਬਾਜ਼ੀ ਮਾਰ ਜਾਂਦੀ ਏ ਪਰ ਉਹ ਸਮਝਦਾ ਬੁੱਝਦਾ ਸਭ ਕੁਝ ਵਿਸਾਰ ਛੱਡਦਾ। ਲੱਥੀ ਚੜ੍ਹੀ ਨੂੰ ਠੁੱਡ ਮਾਰ ਦਿੰਦਾ। ਲੋਹੇ ਲਾਖੇ ਹੋਇਆਂ ਮੁੜ ਨੂੰ ਗਲੇ ਲਾ ਲੈਂਦਾ। ਇਸ ਨੂੰ ਉਸ ਦੀ ਕਮਜ਼ੋਰੀ ਸਮਝੀਏ, ਚਾਹੇ ਦਿਲਦਾਰੀ। ਵਿਰਕ ਅਨੂਪ ਸੀ। ਇਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਉਹ ਆਪਣੀਆਂ ਨਿੱਕੀਆਂ ਨਿੱਕੀਆਂ ਮੁਹਿੰਮਾਂ ’ਤੇ ਉਤਰਿਆ ਰਹਿੰਦਾ। ਸ਼ਾਮਾਂ ਸਰ ਕਰੀ ਜਾਂਦਾ। ਸਾਝਾਂ ਖਰੀਆਂ ਕਰੀ ਜਾਂਦਾ। ਤਮਾਮ ਉਮਰ ਉਹ ਹਨੇਰਿਆਂ ’ਚ ਰੁਸ਼ਨਾਉਂਦਾ ਤੇ ਚਾਨਣ ’ਚ ਝੂਮਰ ਪਾਉਂਦਾ ਰਿਹਾ। ਪੋਹਾਂ-ਠੱਕਿਆਂ ’ਚ ਪੱਤ ਕੇਰਦਾ ਤੇ ਚੇਤਰਾਂ-ਨੁਹਾਲਿਆਂ ’ਚ ਮੌਲਦਾ ਰਿਹਾ। ਇਸ ਤਰ੍ਹਾਂ ਜੀਵਦਿਆਂ ਉਸ ’ਤੇ ਕਈ ਵਾਰ ਉਂਗਲਾਂ ਵੀ ਉੱਠੀਆਂ ਤੇ ਊਜਾਂ ਵੀ ਲੱਗੀਆਂ ਪਰ ਆਖ਼ਰ ਨੂੰ ਉਹ ਵੀ ਤਾਂ ਦੋ-ਟੰਗਾ ਜੀਵ ਸੀ। ਇੱਥੇ ਦੀ ਸਮਾਜਿਕ ਵਿਵਸਥਾ ਵਿਚ ਪਲਿਆ ਹੋਇਆ। ਉਹ ਵਿਵਸਥਾ ਜੋ ਕਿਸੇ ਪ੍ਰਾਣੀ ਦੇ ਮਨ ਨੂੰ ਭੰਨਦੀ/ਘੜਦੀ ਏ। ਭਲੇ਼ ਵੇਲਿਆਂ ’ਚ ਉਸ ਨੂੰ ਪੁੱਤਰ ਦੀ ਦਾਤ ਤਾਂ ਮਿਲੀ ਪਰ ਝੱਬਦੇ ਹੀ ਖੋਹ ਵੀ ਲਈ ਗਈ। ਇਸ ਖਲਾਅ ਦੀ ਪੂਰਤੀ ਹਿੱਤ ਉਸ ਨੇ ਆਪਣੇ ਆਲੇ-ਦੁਆਲੇ ’ਚੋਂ ਆਪਣੀ ਜੁਗਤਬੰਦੀ ਵਿਸ਼ੇਸ਼ ਨਾਲ ਤਰ੍ਹਾਂ ਤਰ੍ਹਾਂ ਦੇ ਰਵੇ ਵਾਲੀ ਪੁੱਤਰਾਂ ਦੀ ਪਲਟਣ ਹੀ ਖੜ੍ਹੀ ਕਰ ਲਈ। ਇਹ ਪੁੱਤ-ਕੁਪੁੱਤ ਸਾਊ ਪੁੱਤਾਂ ਵਾਂਗ ਉਸ ਦੀ ਖਿਦਮਤ ਵੀ ਕਰਦੇ ਤੇ ਕਦੇ ਕਦੇ ‘ਉਹਦੇ ਬੱਚਿਆਂ ਵਰਗੇ ਨਖਰਿਆਂ’ ਦੀ ਮੁਰੰਮਤ ਵੀ ਕਰ ਛੱਡਦੇ। ਆਪਣੇ ਮੋਢਿਆਂ ’ਤੇ ਕੁਹਾਰਾਂ ਵਾਂਗ ਜਦ ਉਹਦਾ ਡੋਲਾ ਚੁੱਕੀ ਫਿਰਦੇ ਤਾਂ ਬਾਬਾ ਡਾਢਾ ਖੁਸ਼ ਹੁੰਦਾ, ਪੁੱਤਰਾਂ ਨੂੰ ਆਵਦੇ ਨਿਆਈਂ ਵਾਲੇ ਖੱਤੇ ਆਖਦਾ ਤੇ ਜਦ ਕਦੇ ਪੁੱਤ ਆਪਣੇ ਕੰਮਾਂ ਕਾਰਾਂ ’ਚ ਰੁੱਝੇ ਹੁੰਦੇ ਤਾਂ ਘਰ ਦੀ ਡਿਓਢੀ ’ਚ ਬੈਠਾ ਬੂਹੇ ਨੂੰ ਘੂਰਦਾ ਰਹਿੰਦਾ, ਅੰਬੀ ’ਤੇ ਉਤਰ ਆਏ ਤੋਤਿਆਂ ਨੂੰ ਹਾਕਰਾ ਮਾਰ ਉਡਾ ਦਿੰਦਾ।
... ਤੇ ਆਖ਼ਰ ਜਿ਼ੰਦਗੀ ਦੀ ਆਥਣੇ ਉਹ ਬਿਮਾਰ ਜੁੱਸੇ ਹੱਥੋਂ ਲਾਚਾਰ ਹੋ ਗਿਆ। ਮੱਥੇ ’ਚੋਂ ਰੇਤ ਉੱਡਣ ਲੱਗੀ। ਨਵੀਂ ਭਾਂਤ ਦੇ ਭਾਂਡੇ ਹੱਥਾਂ ’ਚੋਂ ਡਿੱਗਣ ਲੱਗੇ। ਨਵੇਂ ਅੱਖਰਾਂ ਦੀ ਥਹੁ ਪਾਉਣ ਵਿੱਤ ਉਸ ਦੇ ਸਿਰ ਦੀਆਂ ਨਸਾਂ ਨਿਢਾਲ ਪੈ ਗਈਆਂ। ਉਹਦੀ ਸੂਮਪੁਣੇ ਦੀ ਬਿਰਤੀ ਤੋਂ ਵਿਚਲਤਿ, ਕਮਾਏ ਹੋਏ ਨਿਆਈਂ ਵਾਲੇ ਕੁਝ ਕਿੱਲੇ ਸੇਮ ਦੀ ਭੇਂਟ ਚੜ੍ਹ ਗਏ ਤੇ ਕੁਝ ਪੱਤਰਾ ਵਾਚ ਗਏ। ਉਹ ਰੋਹੀ ਦਾ ਰੁੱਖ ਹੋ ਵਿਰਾਨੇ ਥਲਾਂ ’ਚ ਗੱਡਿਆ ਗਿਆ। ਉਸ ਨੂੰ ਆਪਣਾ ਵਿਹੜਾ ਹੀ ਓਪਰਾ ਲੱਗਣ ਲੱਗਿਆ। ਘਰ ਵੱਢ ਵੱਢ ਖਾਣ ਲੱਗਾ। ਆਖ਼ਰ ਅਰਧਾਂਗਣੀ ਨੇ ਤਾਂ ਨਾਲ ਨਿਭਣਾ ਹੀ ਸੀ। ਉਹ ਖਸਤਾ ਹੋਈ ਮਿੱਟੀ ਨੂੰ ਗੰਢ ਮਾਰ ਦੂਰ ਦੇਸੁ ਵਸਦੀ ਆਂਦਰ ਕੋਲ ਲੈ ਗਈ। ਇਕਲਾਪੇ ਦੀ ਠੰਢ ਨੇ ਜਿ਼ੰਦਗੀ ਦੀ ਸ਼ਾਮ ਨੂੰ ਹੋਰ ਯਖ਼ ਕਰ ਦਿੱਤਾ... ਤੇ ਗੁਆਚੇ ਗੀਤ ਦੀ ਬਾਤ ਪਾਉਣ ਵਾਲਾ ਆਪ ਵੀ ਰਾਤ ਦੇ ਗਹਿਰੇ ਨ੍ਹੇਰੇ ’ਚ ਗੁੰਮ ਗੁਆਚ ਗਿਆ।
ਅਲਵਿਦਾ ਪਿਆਰੇ ਬਾਪੂ!
ਸੰਪਰਕ: 98155-14053

Advertisement

Advertisement