ਅਨੰਤਨਾਗ ਅਪਰੇਸ਼ਨ ਚੌਥੇ ਦਿਨ ਵੀ ਜਾਰੀ, ਫੌਜ ਨੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਡਰੋਨ ਤੇ ਹੈਲੀਕਾਪਟਰਾਂ ਦੀ ਮਦਦ ਲਈ
ਸ੍ਰੀਨਗਰ, 16 ਸਤੰਬਰ
ਅਨੰਤਨਾਗ ਜ਼ਿਲ੍ਹੇ ਦੇ ਸੰਘਣੇ ਜੰਗਲੀ ਖੇਤਰ ਵਿਚ ਲੁਕੇ ਦਹਿਸ਼ਤਗਰਦਾਂ ਨੂੰ ਉਥੋਂ ਬਾਹਰ ਕੱਢਣ ਲਈ ਵਿੱਢਿਆ ਅਪਰੇਸ਼ਨ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਡਰੋਨਾਂ ਤੇ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦੱਸ ਦੇਈਏ ਕਿ ਸੰਘਣੇ ਜੰਗਲਾਂ ਵਿਚ ਲੁਕੇ ਇਨ੍ਹਾਂ ਦਹਿਸ਼ਤਗਰਦਾਂ ਨੇ ਪਿਛਲੇ ਦਿਨੀਂ ਇਕ ਮੇਜਰ ਤੇ ਕਰਨਲ ਸਣੇ ਸੁਰੱਖਿਆ ਬਲਾਂ ਦੇ ਤਿੰਨ ਅਧਿਕਾਰੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਗਡੋਲੇ ਦੇ ਸੰਘਣੇ ਜੰਗਲਾਂ ਵਿੱਚ ਦਹਿਸ਼ਤਗਰਦਾਂ ਦੇ ਟਿਕਾਣੇ ਦਾ ਪਤਾ ਲਾਉਣ ਲਈ ਸੁਰੱਖਿਆ ਬਲਾਂ ਵੱਲੋਂ ਹੈਲੀਕਾਪਟਰਾਂ ਤੇ ਡਰੋਨਾਂ ਦੀ ਤਾਇਨਾਤੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਚੌਥੇ ਦਿਨ ਵੀ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਦਰਮਿਆਨ ਗੋਲੀਬਾਰੀ ਦਾ ਦੌਰ ਜਾਰੀ ਰਿਹਾ। ਸੁਰੱਖਿਆ ਬਲਾਂ ਨੇ ਜੰਗਲ ਵੱਲ ਮੋਰਟਾਰ ਵੀ ਦਾਗੇ। ਡਰੋਨ ਦੀ ਫੁਟੇਜ ਵਿੱਚ ਇਕ ਦਹਿਸ਼ਤਗਰਦ ਸੁਰੱਖਿਅਤ ਢਾਲ ਦੀ ਭਾਲ ਵਿਚ ਭੱਜਦਾ ਨਜ਼ਰ ਆ ਰਿਹਾ ਹੈ। ਕਸ਼ਮੀਰ ਦੇ ਵਧੀਕ ਡੀਜੀਪੀ ਵਿਜੈ ਕੁਮਾਰ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਸੀ ਕਿ ਵਿਸ਼ੇਸ਼ ਇਨਪੁਟ ਦੇ ਅਧਾਰ ’ਤੇ ਇਹ ਅਪਰੇਸ਼ਨ ਵਿੱਢਿਆ ਗਿਆ ਹੈ। ਕੁਮਾਰ ਨੇ ਦਾਅਵਾ ਕੀਤਾ ਕਿ ਜੰਗਲ ਵਿੱਚ ਲੁਕੇ ਇਨ੍ਹਾਂ ਦੋ ਤੋਂ ਤਿੰਨ ਦਹਿਸ਼ਗਰਦਾਂ ਨੂੰ ਜਲਦੀ ਹੀ ਮਾਰ ਮੁਕਾਇਆ ਜਾਵੇਗਾ। -ਪੀਟੀਆਈ