For the best experience, open
https://m.punjabitribuneonline.com
on your mobile browser.
Advertisement

ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਅਨੰਤਨਾਗ ਅਪਰੇਸ਼ਨ ਪੰਜਵੇਂ ਦਿਨ ਵੀ ਜਾਰੀ

07:30 AM Sep 18, 2023 IST
ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਅਨੰਤਨਾਗ ਅਪਰੇਸ਼ਨ ਪੰਜਵੇਂ ਦਿਨ ਵੀ ਜਾਰੀ
ਅਨੰਤਨਾਗ ਵਿਚ ਅਤਿਵਾਦੀਆਂ ਨਾਲ ਜਾਰੀ ਮੁਕਾਬਲੇ ਦੇ ਪੰਜਵੇਂ ਦਿਨ ਚੌਕਸ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 17 ਸਤੰਬਰ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਗਡੋਲੇ ਦੇ ਸੰਘਣੇ ਜੰਗਲੀ ਇਲਾਕੇ ਵਿਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਦਾ ਅਮਲ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਸੁਰੱਖਿਆ ਬਲਾਂ ਨੇ ਆਪਣੇ ਅਪਰੇਸ਼ਨ ਦਾ ਘੇਰਾ ਵਸੀਹ ਕਰਦਿਆਂ ਨੇੜਲੇ ਪਿੰਡਾਂ ਨੂੰ ਆਪਣੀ ਜ਼ੱਦ ਵਿੱਚ ਲੈ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਜੰਗਲ ਵੱਲ ਕਈ ਮੋਰਟਾਰ ਵੀ ਦਾਗੇ।
ਸੰਘਣੇ ਜੰਗਲੀ ਇਲਾਕੇ ’ਤੇ ਨਿਗਰਾਨੀ ਲਈ ਸੁਰੱਖਿਆ ਬਲਾਂ ਵੱਲੋਂ ਡਰੋਨਾਂ ਤੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਥਲ ਸੈਨਾ ਦੇ ਦੋ ਅਧਿਕਾਰੀਆਂ ਤੇ ਇਕ ਡੀਐੱਸਪੀ ਨੂੰ ਸ਼ਹੀਦ ਕਰਨ ਮਗਰੋਂ ਦਹਿਸ਼ਤਗਰਦ ਗਡੋਲੇ ਦੇ ਜੰਗਲੀ ਖੇਤਰ ਵਿੱਚ ਲੁਕੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ ਅਪਰੇਸ਼ਨ ਮੁੜ ਸ਼ੁਰੂ ਹੋਇਆ ਤਾਂ ਸਲਾਮਤੀ ਦਸਤਿਆਂ ਨੇ ਜੰਗਲੀ ਇਲਾਕੇ ਵੱਲ ਕਈ ਮਾਰਟਰ ਦਾਗੇ। ਉਨ੍ਹਾਂ ਕਿਹਾ ਕਿ ਇਸ ਸੰਘਣੇ ਜੰਗਲੀ ਇਲਾਕੇ ਵਿੱਚ ਗੁਫ਼ਾ ਵਰਗੀਆਂ ਕਈ ਛੁਪਣਗਾਹਾਂ ਹਨ। ਦਹਿਸ਼ਤਗਰਦਾਂ ਦੀ ਅਸਲ ਲੋਕੇਸ਼ਨ ਦਾ ਪਤਾ ਲਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ’ਤੇ ਹਮਲੇ ਕੀਤੇ ਜਾ ਸਕਣ। ਸੁਰੱਖਿਆ ਬਲਾਂ ਵੱਲੋਂ ਸ਼ੁੱਕਰਵਾਰ ਨੂੰ ਅਜਿਹੀ ਇਕ ਛੁਪਣਗਾਹ ’ਤੇ ਗੋਲੇ ਦਾਗ਼ਣ ਮਗਰੋਂ ਡਰੋਨ ਫੁਟੇਜ ਵਿੱਚ ਇਕ ਦਹਿਸ਼ਤਗਰਦ ਸੁਰੱਖਿਅਤ ਟਿਕਾਣੇ ਦੀ ਭਾਲ ਵਿੱਚ ਭੱਜਦਾ ਨਜ਼ਰ ਆਇਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਹਤਿਆਤੀ ਉਪਰਾਲੇ ਵਜੋਂ ਸੁਰੱਖਿਆ ਘੇਰੇ ਨੂੰ ਨੇੜਲੇ ਕਰੀਰੀ ਇਲਾਕੇ ਤੱਕ ਵਧਾ ਦਿੱਤਾ ਗਿਆ ਹੈ ਤਾਂ ਕਿ ਦਹਿਸ਼ਤਗਰਦ ਜੰਗਲੀ ਇਲਾਕੇ ਵਿੱਚੋਂ ਭੱਜ ਕੇ ਵਸੋਂ ਵਾਲੇ ਇਲਾਕੇ ਵਿੱਚ ਦਾਖਲ ਨਾ ਹੋਣ। ਉੱਤਰੀ ਫੌਜ ਦੇ ਕਮਾਂਡਰ ਨੇ ਸ਼ਨਿੱਚਰਵਾਰ ਨੂੰ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਲੈਫਟੀਨੈਂਟ ਜਨਰਲ ਦਿਵੇਦੀ ਨੂੰ ਜ਼ਮੀਨੀ ਕਮਾਂਡਰਾਂ ਨੇ ਇਸ ਪੂਰੇ ਅਪਰੇਸ਼ਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਸੀ। ਕਮਾਂਡਰ ਨੇ ਇਲਾਕੇ ਦੇ ਸਰਵੇ ਤੇ ਦਹਿਸ਼ਤਗਰਦਾਂ ਦਾ ਖੁਰਾ ਖੋਜ ਲਾਉਣ ਲਈ ਵਰਤੇ ਜਾ ਰਹੇ ਡਰੋਨਾਂ ਦੀ ਪੜਚੋਲ ਵੀ ਕੀਤੀ। ਉਹ ਇਸ ਪੂਰੇ ਅਪਰੇਸ਼ਨ ਲਈ ਵਿਸ਼ੇਸ਼ ਰੂਪ ਵਿੱਚ ਤਾਇਨਾਤ ਸੁਰੱਖਿਆ ਬਲਾਂ ਦੇ ਰੂਬਰੂ ਵੀ ਹੋਏ। ਪੁਲੀਸ ਦਾ ਮੰਨਣਾ ਹੈ ਕਿ ਦੋ ਤੋਂ ਤਿੰਨ ਦਹਿਸ਼ਤਗਰਦ ਸੰਘਣੇ ਜੰਗਲੀ ਇਲਾਕੇ ਵਿਚ ਲੁਕੇ ਹੋਏ ਹਨ।
ਕਸ਼ਮੀਰ ਦੇ ਵਧੀਕ ਡੀਜੀਪੀ ਵਿਜੈ ਕੁਮਾਰ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਸੀ ਕਿ ਪੁਖਤਾ ਜਾਣਕਾਰੀ ਦੇ ਅਧਾਰ ’ਤੇ ਹੀ ਇਹ ਅਪਰੇਸ਼ਨ ਵਿੱਢਿਆ ਗਿਆ ਹੈ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਨ੍ਹਾਂ ਦੋ ਤੋਂ ਤਿੰਨ ਦਹਿਸ਼ਤਗਰਦਾਂ ਨੂੰ ਜਲਦੀ ਮਾਰ ਮੁਕਾਇਆ ਜਾਵੇਗਾ। ਦਹਿਸ਼ਤਗਰਦਾਂ ਨੇ ਬੁੱਧਵਾਰ ਨੂੰ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਧਿਕਾਰੀ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਡੋਨਚਾਕ, ਜੰਮੂ ਕਸ਼ਮੀਰ ਪੁਲੀਸ ਦੇ ਡੀਐੱਸਪੀ ਹੁਮਾਯੂੰ ਭੱਟ ਤੇ ਇਕ ਫੌਜੀ ਨੂੰ ਸ਼ਹੀਦ ਕਰ ਦਿੱਤਾ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement