‘ਦਿ ਕਰਦਾਸ਼ੀਆ’ ਵਿੱਚ ਦਿਖਾਇਆ ਜਾਵੇਗਾ ਅਨੰਤ-ਰਾਧਿਕਾ ਦਾ ਵਿਆਹ
ਨਵੀਂ ਦਿੱਲੀ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਆਪਣੀ ਭੈਣ ਕਲੋਏ ਕਰਦਾਸ਼ੀਆਂ ਨਾਲ ਸ਼ਾਮਲ ਹੋਈ ਅਮਰੀਕੀ ਰਿਐਲਟੀ ਟੀਵੀ ਕਲਾਕਾਰ ਕਿਮ ਕਰਦਾਸ਼ੀਆਂ ਨੇ ਕਿਹਾ ਕਿ ਇਸ ਸ਼ਾਨਦਾਰ ਸਮਾਰੋਹ ਨੂੰ ਉਸ ਦੇ ਟੀਵੀ ਸ਼ੋਅ ‘ਦਿ ਕਰਦਾਸ਼ੀਆਂ’ ’ਚ ਦਿਖਾਇਆ ਜਾਵੇਗਾ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਆਹ ਸਮਾਰੋਹ ਵਿੱਚ ਸਿਆਸੀ ਨੇਤਾਵਾਂ ਦੇ ਨਾਲ ਬੌਲੀਵੁੱਡ ਅਤੇ ਦੱਖਣ ਭਾਰਤੀ ਸਿਨੇਮਾ ਜਗਤ, ਹੌਲੀਵੁੱਡ ਦੀਆਂ ਹਸਤੀਆਂ ਸਣੇ ਦੇਸ਼ ਦੇ ਲਗਪਗ ਸਾਰੇ ਸਿਖਰਲੇ ਕ੍ਰਿਕਟਰ ਸ਼ਾਮਲ ਹੋਏ। ਵਿਆਹ ਸਮਾਰੋਹ ਵਿੱਚ ਕਿਮ (43) ਅਤੇ ਉਸ ਦੀ ਭੈਣ ਕਲੋਏ (40) ਨੇ ਵੀ ਸ਼ਿਰਕਤ ਕੀਤੀ। ਕਲੋਏ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਕੈਮਰਿਆਂ ਤੇ ਮਾਈਕ ਨਾਲ ਫਿਲਮ ਨਿਰਮਾਣ ਟੀਮ ਅਤੇ ਕਰਦਾਸ਼ੀਆਂ ਭੈਣਾਂ ਦਿਖਾਈ ਦੇ ਰਹੀਆਂ ਹਨ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਪ੍ਰਸ਼ੰਸਕਾਂ ਨੇ ਸੰਭਾਵਨਾ ਜਤਾਈ ਕਿ ਇਹ ਸ਼ੂੁਟਿੰਗ ਰਿਐਲਟੀ ਸ਼ੋਅ ‘ਦਿ ਕਰਦਾਸ਼ੀਆਂ’ ਲਈ ਕੀਤੀ ਜਾ ਰਹੀ ਹੈ। ਆਪਣੇ ਇੰਸਟਾਗ੍ਰਾਮ ’ਤੇ ਕਿਮ ਨੇ ਵਿਆਹ ਸਮਾਰੋਹ ਤੋਂ ਪਹਿਲਾਂ ਤਿਆਰ ਹੋਣ ਦੀ ਆਪਣੀ ਅਤੇ ਕਲੋਏ ਦੀ ਇੱਕ ਵੀਡੀਓ ਦਾ ਸਕਰੀਨ ਸ਼ਾਟ ਸਾਂਝਾ ਕੀਤਾ। ਕਿਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਸਲ ਵਿੱਚ ਆਪਣੇ ਲੋਕਪ੍ਰਿਯ ਰਿਐਲਟੀ ਸ਼ੋਅ ਲਈ ਸ਼ੂਟਿੰਗ ਕਰ ਰਹੀਆਂ ਸਨ। -ਪੀਟੀਆਈ