ਆਨੰਦਪੁਰ ਸਾਹਿਬ: ਨੌਸਰਬਾਜ਼ ਪਰਿਵਾਰ ਠੱਗੀ ਮਾਰ ਕੇ ਫਰਾਰ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 21 ਜੁਲਾਈ
ਪੁਲੀਸ ਨੇ ਇੱਥੇ ਪਿਛਲੇ ਅੱਠ ਮਹੀਨੇ ਤੋਂ ਕਿਰਾਏ ਦੇ ਮਕਾਨ ’ਚ ਰਹਿ ਰਹੇ ਇੱਕ ਨੌਸਰਬਾਜ਼ ਪਰਿਵਾਰ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਵਿਅਕਤੀਆਂ ਨਾਲ ਲਗਪਗ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਇੱਥੇ ਰਹਿੰਦੇ ਹਰਸਿਮਰਨਜੀਤ ਸਿੰਘ, ਮਹਾਂਵੀਰ ਸਿੰਘ ਤੇ ਅੰਮ੍ਰਿਤਪਾਲ ਕੌਰ ਨੇ ਸਤਪਾਲ ਜਿਊਲਰਜ਼ ਅਤੇ ਹੋਰਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਸਤਪਾਲ ਜਿਊਲਰਜ਼ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ 17 ਤਰੀਕ ਨੂੰ ਹਰਸਿਮਰਨਜੀਤ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਉਨ੍ਹਾਂ ਦੀ ਦੁਕਾਨ ਤੋਂ 4.5 ਲੱਖ ਰੁਪਏ ਦੇ ਗਹਿਣੇ ਖਰੀਦੇ। ਉਸ ਨੇ ਸਿਰਫ 20 ਹਜ਼ਾਰ ਰੁਪਏ ਦਿੱਤੇ ਅਤੇ ਬਾਕੀ ਪੈਸੇ ਅਗਲੇ ਦਿਨ ਦੇਣ ਦਾ ਆਖ ਕੇ ਚਲੀ ਗਈ।
ਉਨ੍ਹਾਂ ਕਿਹਾ ਕਿ ਜਦੋਂ ਔਰਤ ਅਗਲੇ ਦਿਨ ਵੀ ਪੈਸੇ ਦੇਣ ਲਈ ਨਾ ਪਰਤੀ ਤਾਂ ਸ਼ੱਕ ਪੈਣ ’ਤੇ ਉਹ ਉਸ ਦੇ ਘਰ ਪੁੱਛ-ਪੜਤਾਲ ਕਰਨ ਪੁੱਜੇ ਪਰ ਪੂਰਾ ਪਰਿਵਾਰ ਉਥੋਂ ਰਫੂ-ਚੱਕਰ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਆਸੇ-ਪਾਸਿਓਂ ਪਤਾ ਲੱਗਾ ਕਿ ਜਦੋਂ ਇਹ ਪਰਿਵਾਰ ਆਨੰਦਪੁਰ ਸਾਹਿਬ ਆਇਆ ਸੀ, ਉਸ ਵੇਲੇ ਹਰਸਿਮਰਨਜੀਤ ਸਿੰਘ ਤੇ ਮਹਾਂਵੀਰ ਸਿੰਘ ਸਿਰੋਂ ਮੋਨੇ ਸਨ ਪਰ ਕੁਝ ਸਮੇਂ ਬਾਅਦ ਦੋਵਾਂ ਨੇ ਨਾ ਸਿਰਫ ਆਪਣੇ ਕੇਸ ਵਧਾਏ ਸਗੋਂ ਨਿਹੰਗ ਸਿੰਘਾਂ ਦਾ ਬਾਣਾ ਵੀ ਧਾਰ ਲਿਆ।
ਪੁਲੀਸ ਨੇ ਦੱਸਿਆ ਕਿ ਇਸੇ ਤਰ੍ਹਾਂ ਹਰਸਿਮਰਨਜੀਤ ਸ਼੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੁਲਾਜ਼ਮ ਕੋਲੋਂ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਤਕਰੀਬਨ 25 ਲੱਖ ਰੁਪਏ ਤੇ ਸਾਰੇ ਪਰਿਵਾਰ ਦੇ ਪਾਸਪੋਰਟ ਲੈ ਗਿਆ। ਇਸ ਤੋਂ ਇਲਾਵਾ ਇੱਕ ਹੋਰ ਦੁਕਾਨਦਾਰ ਕੋਲੋਂ ਉਹ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਤਕਰੀਬਨ ਸੱਤ ਤੋਂ ਅੱਠ ਲੱਖ ਰੁਪਏ ਤੇ ਪਾਸਪੋਰਟ ਲੈ ਕੇ ਫਰਾਰ ਹੋ ਗਿਆ।
ਸਿਟੀ ਪੁਲੀਸ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਉਨ੍ਹਾਂ ਨੂੰ ਸਿਰਫ ਅਮਰਜੀਤ ਸਿੰਘ ਦੀ ਲਿਖਤੀ ਸ਼ਿਕਾਇਤ ਮਿਲੀ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਛੇਤੀ ਨਿਹੰਗ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ: ਬੇਦੀ
ਬੁੱਢਾ ਦਲ ਦੇ ਸਕੱਤਰ ਦਲਜੀਤ ਸਿੰਘ ਬੇਦੀ ਨੇ ਇਸ ਬਾਰੇ ਕਿਹਾ ਕਿ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨਾਲ ਅਜਿਹੇ ਮਸਲਿਆਂ ਬਾਰੇ ਛੇਤੀ ਹੀ ਮੀਟਿੰਗ ਕਰਨਗੇ। ਇਸ ਦੌਰਾਨ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਰੂਪਰੇਖਾ ਉਲੀਕੀ ਜਾਵੇਗੀ।