ਆਨੰਦਪੁਰ ਸਾਹਿਬ: ਉਮੀਦਵਾਰਾਂ ਦੀ ਭਾਲ ਵਿੱਚ ਉਲਝੀਆਂ ਕਾਂਗਰਸ ਤੇ ਭਾਜਪਾ
ਮਿਹਰ ਸਿੰਘ
ਕੁਰਾਲੀ, 27 ਅਪਰੈਲ
ਕਾਂਗਰਸ ਅਤੇ ਭਾਜਪਾ ਹਾਲੇ ਤੱਕ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤ ਸਕਣ ਵਾਲੇ ਉਮੀਦਵਾਰਾਂ ਦੀ ਭਾਲ ਵਿੱਚ ਉਲਝੀਆਂ ਹੋਈਆਂ ਹਨ। ਦੋਵੇਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਣ ਵਿੱਚ ਹੋ ਰਹੀ ਦੇਰੀ ਕਾਰਨ ਹਲਕੇ ਵਿੱਚ ਚੋਣ ਪ੍ਰਚਾਰ ਨੇ ਹਾਲੇ ਤੱਕ ਜ਼ੋਰ ਨਹੀਂ ਫੜਿਆ। ਆਨੰਦਪੁਰ ਸਾਹਿਬ ਤੋਂ ਜਿੱਤ ਸਕਣ ਵਾਲੇ ਉਮੀਦਵਾਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨ ਲਈ ਭਾਜਪਾ ਵੱਲੋਂ ਕਈ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਇਸ ਹਲਕੇ ਤੋਂ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਸ੍ਰੀ ਲਾਲਪੁਰਾ ਆਪਣੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ (ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ) ਲਈ ਟਿਕਟ ਹਾਸਲ ਕਰਨ ਦੇ ਚਾਹਵਾਨ ਹਨ।
ਅਜੈਵੀਰ ਸਿੰਘ ਲਾਲਪੁਰਾ ਪਿਛਲੇ ਕਈ ਸਾਲਾਂ ਤੋਂ ਹਲਕੇ ਵਿੱਚ ਸਰਗਰਮ ਹਨ। ਭਜਨ ਸਮਰਾਟ ਘਨੱਈਆ ਮਿੱਤਲ ਦਾ ਨਾਮ ਵੀ ਇਸ ਸੀਟ ਨੂੰ ਲੈ ਕੇ ਚਰਚਾ ਵਿੱਚ ਹੈ। ਘਨ੍ਹੱਈਆ ਮਿੱਤਲ ਭਾਵੇਂ ਚੰਡੀਗੜ੍ਹ ਤੋਂ ਟਿਕਟ ਦੇ ਦਾਅਵੇਦਾਰ ਦੱਸੇ ਜਾਂਦੇ ਸਨ ਪਰ ਚੰਡੀਗੜ੍ਹ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਨਾਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਵਿਚਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਵੀ ਟਿਕਟ ਦੀ ਦੌੜ ਵਿੱਚ ਹਨ ਜਿਨ੍ਹਾਂ ਦੀ ਹਲਕੇ ਵਿੱਚ ਕਾਫ਼ੀ ਪਕੜ ਵੀ ਦੱਸੀ ਜਾਂਦੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਸਭ ਤੋਂ ਵੱਧ ਚਰਚਾ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਸ ਸੀਟ ਨੂੰ ਪੱਕੀ ਕਰਨ ਲਈ ਭਾਜਪਾ ਹਾਈਕਮਾਂਡ ਇਸ ਸੀਟ ਤੋਂ ਅਕਸ਼ੈ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।
ਕਾਂਗਰਸ ਪਾਰਟੀ ਵੱਲੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਨਾਂ ਇਸ ਸੀਟ ਲਈ ਚਰਚਾ ਵਿੱਚ ਹੈ ਪਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਤੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਇਸ ਸੀਟ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਕਾਂਗਰਸ ਹਾਈਕਮਾਂਡ ਇਸ ਸੀਟ ਤੋਂ ਉਮੀਦਵਾਰ ਐਲਾਨਣ ਲਈ ਹਾਲੇ ਦੁਚਿੱਤੀ ਵਿੱਚ ਹੈ। ਇਸ ਹਲਕੇ ਤੋਂ ਭਾਜਪਾ ਅਤੇ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ ਨਾ ਹੋ ਸਕਣ ਕਾਰਨ ਚੋਣ ਮੈਦਾਨ ਹਾਲੇ ਭਖ ਨਹੀਂ ਸਕਿਆ।